ਮੌਡਰਨਾ ਕੰਪਨੀ ਅਮਰੀਕਾ ਨੂੰ ਕੋਰੋਨਾ ਦੀ 10 ਕਰੋੜ ਡੋਜ਼ ਕਰਾਏਗੀ ਉਪਲੱਬਧ

578
Share

ਵਾਸ਼ਿੰਗਟਨ, 13 ਅਗਸਤ (ਪੰਜਾਬ ਮੇਲ)- ਕੋਰੋਨਾ ਵੈਕਸੀਨ ਬਣਨ ਬਾਅਦ ਫਾਰਮਾਸਿਊਟੀਕਲ ਕੰਪਨੀ ‘ਮੌਡਰਨਾ’ ਅਮਰੀਕਾ ਨੂੰ 10 ਕਰੋੜ ਡੋਜ਼ ਉਪਲੱਬਧ ਕਰਾਏਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ ਕਿ ਡੋਜ਼ ਉਪਲੱਬਧ ਕਰਾਉਣ ਲਈ ਮੌਡਰਨਾ ਨੂੰ ਰਾਸ਼ੀ ਦਾ ਭੁਗਤਾਨ ਵੀ ਕੀਤਾ ਜਾ ਚੁੱਕਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਵੱਲੋਂ ਮੌਡਰਨਾ ਕੰਪਨੀ ਨਾਲ ਸਫ਼ਲ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਕੰਪਨੀ ਕੋਰੋਨਾ ਦੀ 100 ਮਿਲੀਅਨ ਡੋਜ਼ ਮੁਹੱਈਆ ਕਰਾਏਗੀ। ਮੌਡਰਨਾਂ ਨੇ ਦੱਸਿਆ ਕਿ ਅਮਰੀਕਾ ਸਰਕਾਰ ਨੇ ਇਸ ਦੇ ਲਈ ਕੰਪਨੀ ਨੂੰ 1.5 ਬਿਲੀਅਨ ਡਾਲਰ ਦਾ ਭੁਗਤਾਨ ਵੀ ਕੀਤਾ ਹੈ। ਫਿਲਹਾਲ ਵੈਕਸੀਨ ਦਾ ਕਲੀਨੀਕਲ ਟ੍ਰਾਇਲ ਚੱਲ ਰਿਹਾ ਹੈ। ਇਹ ਟ੍ਰਾਇਲ 27 ਜੁਲਾਈ ਨੂੰ ਸ਼ੁਰੂ ਹੋਇਆ ਸੀ। ਕੰਪਨੀ ਨੇ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਅਮਰੀਕਾ ਸਰਕਾਰ 400 ਮਿਲੀਅਨ ਡੋਜ਼ ਹੋਰ ਵੀ ਖਰੀਦ ਸਕੇਗੀ। ਰਾਸ਼ਟਰਪਤੀ ਟਰੰਪ ਦਾ ਦਾਅਵਾ ਹੈ ਕਿ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਕੋਵਿਡ-19 ਦੀ ਟੈਸਟਿੰਗ ਅਮਰੀਕਾ ਵਿੱਚ ਸਭ ਤੋਂ ਵੱਧ ਹੈ। ਇੱਥੇ ਹੁਣ ਤੱਕ 6.6 ਕਰੋੜ ਲੋਕਾਂ ਦਾ ਟੈਸਟ ਹੋ ਚੁੱਕਾ ਹੈ। ਅਮਰੀਕਾ ਮਗਰੋਂ ਭਾਰਤ ਸਭ ਤੋਂ ਵੱਧ ਕੋਰੋਨਾ ਟੈਸਟ ਕਰ ਰਿਹਾ ਹੈ। ਇਸ ਕਾਰਨ ਉੱਥੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਹੋਈ ਦਿਖਾਈ ਦੇ ਰਹੀ ਹੈ।


Share