ਜੱਥੇਬੰਦੀ ਵੱਲੋਂ 3 ਫਰਵਰੀ ਨੂੰ ਮੌਂਟਰੀਅਲ ਸ਼ਹਿਰ ਵਿੱਚ ਕਾਰ ਮਾਰਚ ਦਾ ਸੱਦਾ
ਮੌਂਟਰੀਅਲ, 31 ਜਨਵਰੀ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਅੱਜ ਮੌਂਟਰੀਅਲ ਦੇ ਗੁਰੂਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ, ਲਾਸਾਲ ਵਿਖੇ ਵਿਸ਼ਾਲ ਵਿਦਿਆਰਥੀ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਵਿਦਿਆਰਥੀਆਂ ਸਮੇਤ ਕੈਨੇਡਾ ਵਸਦੇ ਵੱਖ-ਵੱਖ ਭਾਈਚਾਰਿਆਂ ਅਤੇ ਸਮਾਜਿਕ-ਜਮਹੂਰੀ ਜੱਥੇਬੰਦੀਆਂ ਨੇ ਵੀ ਹਿੱਸਾ ਲਿਆ। ਕੜਾਕੇ ਦੀ ਠੰਡ ’ਚ ਇਹ ਰੈਲੀ ‘ਮੌਂਟਰੀਅਲ ਨੌਜਵਾਨ-ਵਿਦਿਆਰਥੀ ਸੰਗਠਨ’ ਦੇ ਝੰਡੇ ਹੇਠ ਕੀਤੀ ਗਈ ਜਿਸ ਵਿੱਚ ਵੱਖ-ਵੱਖ ਵਿਦਿਆਰਥੀ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਵਿੱਚੋਂ ਸੈਂਕੜੇ ਵਿਦਿਆਰਥੀਆਂ ਨੇ ਇਹਨਾਂ ਕਾਲਜਾਂ ਵਿੱਚ ਦਾਖਲਾ ਲੈਣ ਲਈ ਵੱਖ-ਵੱਖ ਏਜੰਟਾਂ ਰਾਹੀਂ ਅਗਾਊਂ ਹੀ ਹਜ਼ਾਰਾਂ ਡਾਲਰ ਫੀਸ ਜਮਾਂ ਕਰਵਾਈ ਹੋਈ ਹੈ। ਇਹਨਾਂ ਵਿੱਚੋਂ ਜਿਆਦਾਤਰ ਵਿਦਿਆਰਥੀਆਂ ਦੇ ਸਟੱਡੀ ਵੀਜ਼ਾ ਰੱਦ ਹੋ ਚੁੱਕੇ ਹਨ ਪਰੰਤੂ ਫੀਸ ਰੀਫੰਡ ਦੀ ਮੰਗ ਕਰਨ ਦੇ ਬਾਵਜੂਦ ਵੀ ਇਹਨਾਂ ਵਿਦਿਆਰਥੀਆਂ ਨੂੰ ਫੀਸਾਂ ਵਾਪਸ ਨਹੀਂ ਕੀਤੀਆਂ ਗਈਆਂ। ਸਟੱਡੀ ਵੀਜ਼ਾ ਰੱਦ ਹੋਣ ਦੀ ਸੂਰਤ ਵਿੱਚ ਵਿਦਿਆਰਥੀਆਂ ਨੂੰ ਫੀਸ ਵਾਪਸੀ ਦਾ ਕਾਨੂੰਨਨ ਹੱਕ ਹੈ। ਪਰ ਲਗਾਤਾਰ ਮੰਗ ਕਰਨ ਤੇ ਵੀ ਉਹਨਾਂ ਦੀ ਫੀਸ ਵਾਪਸ ਨਹੀਂ ਕੀਤੀ ਜਾ ਰਹੀ। ਆਈਆਰਸੀਸੀ (IRCC ) ਨੇ ਵਿਦਿਆਰਥੀਆਂ ਦੀਆਂ ਯੋਗਤਾ ਜਰੂਰਤਾਂ (eligible requirements ) ਨੂੰ ਵਾਚਦਿਆਂ ਕੋਵਿਡ-19 ਕਾਰਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਲੱਗਭੱਗ ਡੇਢ ਸਾਲ ਪਹਿਲਾਂ ਆਨਲਾਈਨ ਪੜ੍ਹਾਈ ਕਰਨ ਲਈ ‘ਅਪਰੂਵਲ ਇਨ ਪ੍ਰਿੰਸੀਪਲ’ ਜਾਰੀ ਕੀਤੀ ਸੀ ਅਤੇ ਵਿਦਿਆਰਥੀਆਂ ਨੇ ਰਾਤਾਂ ਜਾਗ ਕੇ ਆਪਣੀਆਂ ਆਨਲਾਈਨ ਕਲਾਸਾਂ ਲਗਾਈਆਂ ਸਨ। ਪਰੰਤੂ ਹੁਣ ਕਾਲਜ ਬੰਦ ਹੋਣ ਕਾਰਨ ਉਹਨਾਂ ਨੂੰ ਆਈਆਰਸੀਸੀ ਵੱਲੋਂ ਕੋਈ ਅੰਤਿਮ ਫੈਸਲਾ ਜਾਰੀ ਨਹੀਂ ਕੀਤਾ ਜਾ ਰਿਹਾ। ਭਾਰਤ ਰਹਿੰਦੇ ਕੁਝ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਮਿਲ ਚੁੱਕਿਆ ਹੈ ਪਰ ਕਾਲਜ ਬੰਦ ਹੋਣ ਕਾਰਨ ਉਹਨਾਂ ਨੂੰ ਕੈਨੇਡਾ ਟਰੈਵਲ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਕੁੱਝ ਵਿਦਿਆਰਥੀਆਂ ਨੂੰ ਨਾ ਵੀਜ਼ਾ ਮਿਲਿਆ ਹੈ ਅਤੇ ਨਾ ਹੀ ਉਹਨਾਂ ਦੀਆਂ ਆਨਲਾਈਨ ਕਲਾਸਾਂ ਲੱਗੀਆਂ। ਕੈਨੈਡਾ ਵਿੱਚ ਦੁਨੀਆਂ ਭਰ ਵਿੱਚੋਂ ਵਿਦਿਆਰਥੀ ਆਪਣੇ ਸੁਨਹਿਰੇ ਭਵਿੱਖ ਅਤੇ ਉੱਚ ਸਿੱਖਿਆ ਹਾਸਲ ਕਰਨ ਆਉਂਦੇ ਹਨ, ਪਰ ਇਸ ਤਰ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕਾਂ ਦਾ ਘਾਣ ਹੋਣ ਨਾਲ ਉਹਨਾਂ ਵਿੱਚ ਕੈਨੇਡੀਅਨ ਸਿੱਖਿਆ ਪ੍ਰਬੰਧ ਪ੍ਰਤੀ ਸ਼ੰਕੇ ਖੜੇ ਹੋ ਰਹੇ ਹਨ। ਭਾਰਤ ਵਰਗੇ ਦੇਸ਼ਾਂ ਵਿੱਚ ਵਿਦਿਅਰਥੀ ਅਤੇ ਉਹਨਾਂ ਦੇ ਮਾਪੇ ਬਹੁਤ ਮੁਸ਼ਕਲਾਂ ਨਾਲ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਹਾਸਲ ਕਰਨ ਲਈ ਫੀਸਾਂ ਦਾ ਪ੍ਰਬੰਧ ਕਰਦੇ ਹਨ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਕਾਲਜ ਬੰਦ ਹੋਣ ਕਾਰਨ ਵਿਦਿਆਰਥੀ ਗਹਿਰੇ ਮਾਨਸਿਕ ਤਣਾਅ ’ਚ ਹਨ। ਉਹ ਮੰਗ ਕਰ ਰਹੇ ਹਨ ਕਿ ਕੈਨੇਡੀਅਨ ਸਰਕਾਰ, ਸਿੱਖਿਆ ਮੰਤਰੀ, ਕੈਨੇਡਾ ਸਥਿਤ ਭਾਰਤੀ ਰਾਜਦੂਤ ਅਤੇ ਭਾਰਤੀ ਵਿਦੇਸ਼ ਮੰਤਰੀ ਨੂੰ ਇਸ ਮਸਲੇ ਵਿੱਚ ਫੌਰੀ ਦਖਲਅੰਦਾਜ਼ੀ ਕਰਦਿਆਂ ਇਸਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਤਾਂ ਜੋ ਭਵਿੱਖ ਦਾ ਸਰਮਾਇਆ ਮੰਨੇ ਜਾਂਦੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਤੇ ਪ੍ਰੇਸ਼ਾਨੀਆਂ ਵਿੱਚੋਂ ਕੱਢਕੇ ਪੜਾਈ ਵੱਲ ਧਿਆਨ ਕੇਂਦਰਿਤ ਕਰਨ ਦਾ ਮਹੌਲ ਦਿੱਤਾ ਜਾਵੇ।
ਰੈਲੀ ਵਿੱਚ ਵਿਦਿਆਰਥੀਆਂ ਨੇ ਭਾਰਤ ਵਿੱਚ ਵੀਜ਼ਾ ਰੱਦ ਵਿਦਿਆਰਥੀਆਂ ਦੀ ਫੀਸ ਵਾਪਸੀ, ਬੰਦ ਹੋਏ ਤਿੰਨ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜਾਈ ਪੂਰੀ ਕਰਵਾਉਣ, ਸੀਏਕਿਊ ਅਤੇ ਸਟੱਡੀ ਪਰਮਿਟ ਮਨਜ਼ੂਰ ਕਰਦਿਆਂ ਵਿਦਿਆਰਥੀਆਂ ਨੂੰ ਗਰੈਜ਼ੂਏਟ ਕਰਨ, ਸਟੱਡੀ ਵੀਜ਼ਾ ਹਾਸਲ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਟਰੈਵਲ ਕਰਨ, ਜਿਹਨਾਂ ਵਿਦਿਆਰਥੀਆਂ ਨੇ ਇੱਕ ਸਾਲ ਤੋਂ ਉਪਰ ਸਮੇਂ ਤੋਂ ਫੀਸਾਂ ਭਰੀਆਂ ਹੋਈਆਂ ਹਨ ਪਰ ਨਾ ਤਾਂ ਉਹਨਾਂ ਨੂੰ ਵੀਜ਼ਾ ਮਿਲ ਰਿਹਾ ਹੈ ਅਤੇ ਨਾ ਹੀ ਕਲਾਸਾਂ ਲੱਗ ਰਹੀਆਂ ਹਨ; ਉਹਨਾਂ ਨੂੰ ਵੀਜ਼ਾ ਤੇ ਕਲਾਸਾਂ ਸਬੰਧੀ ਕੋਈ ਸਕਾਰਾਤਮਕ ਫੈਸਲਾਂ ਦਿੱਤਾ ਜਾਵੇ, ਭਾਰਤ ਵਿਚਲੇ ਵੱਖ-ਵੱਖ ਏਜੰਟ ਵਿਦਿਆਰਥੀਆਂ ਤੋਂ ਲਿਆ ਕਮਿਸ਼ਨ ਵਾਪਸ ਕਰਨ ਆਦਿ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਉਹ ਜਿੱਤ ਤੱਕ ਸੰਘਰਸ਼ ਕਰਨਗੇ।
ਉਹਨਾਂ ਕਿਹਾ ਕਿ ਇਸ ਰੈਲੀ ਉਪਰੰਤ ਕੈਨੇਡਾ ਦੇ ਸਿੱਖਿਆ ਮੰਤਰੀ, ਕੈਨੇਡਾ ਸਥਿਤ ਭਾਰਤੀ ਰਾਜਦੂਤ, ਮੌਂਟਰੀਅਲ ਦੇ ਮੌਜੂਦਾ ਐੱਮਪੀ ਅਤੇ ਵਿਰੋਧੀ ਧਿਰ ਤੇ ਵੱਖ-ਵੱਖ ਮੰਤਰੀਆਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਰੈਲੀ ਤੋਂ ਬਾਅਦ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ੍ਹੀਆਂ ਜਾਂਦੀਆਂ ਤਾਂ ਉਹ ਕੈਨੇਡਾ ਦੇ ਬਾਕੀ ਦੇ ਸੂਬਿਆਂ ਵਿੱਚ ਵਿਦਿਆਰਥੀ ਸੰਘਰਸ਼ ਨੂੰ ਲਾਮਬੰਦ ਕਰਨ ਲਈ ਮਜ਼ਬੂਰ ਹੋਣਗੇ।
ਇਸ ਮੌਕੇ ਜੱਥੇਬੰਦੀ ਵੱਲੋਂ 3 ਫਰਵਰੀ ਨੂੰ ਮੌਂਟਰੀਅਲ ਸ਼ਹਿਰ ਵਿੱਚ ਕਾਰ ਮਾਰਚ ਦੇ ਪ੍ਰੋਗਰਾਮ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਗੁਰੂਦੁਆਰਾ ਗੁਰੂ ਨਾਨਕ ਦਰਬਾਰ, ਲਸਾਲ ਦੀ ਕਮੇਟੀ ਅਤੇ ਪ੍ਰਧਾਨ ਹਰਜੀਤ ਸਿੰਘ ਬਾਜਵਾ ਨੇ ਵਿਦਿਆਰਥੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ।