ਮੋਰਿੰਡਾ ਪ੍ਰੈੱਸ ਕਲੱਬ ਵਲੋਂ ਐੱਸ.ਡੀ.ਐੱਮ. ਨੂੰ ਦਿੱਤਾ ਮੰਗ ਪੱਤਰ

573
Share

-ਪੱਤਰਕਾਰ ਜਗਜੀਤ ਸਿੰਘ ਦਰਦੀ ‘ਤੇ ਦਿੱਤਾ ਝੂਠਾ ਪਰਚਾ ਰੱਦ ਕਰਨ ਦੀ ਮੰਗ
ਮੋਰਿੰਡਾ, 26 ਜਲਾਈ (ਕਰਨੈਲਜੀਤ/ਪੰਜਾਬ ਮੇਲ)- ਮੋਰਿੰਡਾ ਪ੍ਰੈੱਸ ਕਲੱਬ ਰਜਿ: ਬਲਾਕ ਮੋਰਿੰਡਾ ਦਾ ਇੱਕ ਵਫਦ ਪ੍ਰਧਾਨ ਕਰਨੈਲ ਸਿੰਘ ਜੀਤ ਦੀ ਅਗਵਾਈ ‘ਚ ਐੱਸ.ਡੀ.ਐੱਮ. ਹਰਬੰਸ ਸਿੰਘ ਨੂੰ ਮਿਲਿਆ ਅਤੇ ਇੱਕ ਮੰਗ ਪੱਤਰ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਤੋਂ ਜ਼ੋਰਦਾਰ ਮੰਗ ਕੀਤੀ ਕਿ ਪਟਿਆਲਾ ਤੋਂ ਸੀਨੀਅਰ ਪੱਤਰਕਾਰ ਜਗਜੀਤ ਸਿੰਘ ਦਰਦੀ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਦਿੱਤਾ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕਮਲਜੀਤ ਸਿੰਘ ਅਰਨੋਲੀ ਨੇ ਦੱਸਿਆ ਕਿ ਪ੍ਰੈੱਸ ਕਲੱਬ ਮੋਰਿੰਡਾ ਵਲੋਂ ਐੱਸ.ਡੀ.ਐੱਮ. ਮੋਰਿੰਡਾ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੱਤਰਕਾਰ ਜਗਜੀਤ ਸਿੰਘ ਦਰਦੀ ਭਾਰਤ ਦੀ ਪਾਰਲੀਮੈਂਟ ਦੇ ਮੀਡੀਆ ਐਡਵਾਇਜ਼ਰੀ ਕਮੇਟੀ ਦੇ ਸਥਾਈ ਮੈਂਬਰ ਹਨ ਅਤੇ ਇੰਡੀਅਨ ਨਿਊਜ਼ ਪੇਪਰ ਸੋਸਾਇਟੀ ਦੇ ਮੈਂਬਰ ਹਨ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਦਰਦੀ ਜੀ ਇਸ ਸਮੇਂ ਵਿਦੇਸ਼ ਗਏ ਹੋਏ ਹਨ, ਫਿਰ ਉਨ੍ਹਾਂ ‘ਤੇ ਪਰਚਾ ਦਰਜ ਕਰਨਾ ਲੋਕਤੰਤਰ ਦਾ ਕਤਲ ਅਤੇ ਸ਼ਰੇਆਮ ਧੱਕੇਸ਼ਾਹੀ ਹੈ, ਜੋ ਬਰਦਾਸ਼ਤੇ ਕਾਬਿਲ ਨਹੀਂ ਹੈ। ਪ੍ਰੈੱਸ ਕਲੱਬ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਤੋਂ ਮੰਗ ਕੀਤੀ ਹੈ ਕਿ ਐੱਸ.ਐੱਸ.ਪੀ. ਪਟਿਆਲਾ ਨੂੰ ਤੁਰੰਤ ਬਦਲਿਆ ਜਾਵੇ ਅਤੇ ਸਬੰਧਤ ਐੱਸ.ਐੱਚ.ਉ. ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਇਸ ਸਮੇਂ ਪੱਤਰਕਾਰ ਭਾਈਚਾਰੇ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੱਤਰਕਾਰ ਜਗਜੀਤ ਸਿੰਘ ਦਰਦੀ ‘ਤੇ ਦਿੱਤਾ ਝੂਠਾ ਪਰਚਾ ਤੁਰੰਤ ਰੱਦ ਨਾ ਕੀਤਾ, ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਸਮੇਂ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪੱਤਰਕਾਰ ਰਾਧੇ ਸ਼ਿਆਮ ਸਰਮਾ, ਗੁਰਮੀਤ ਸਿੰਘ ਚੋਪੜਾ, ਨਿਹਾਲ ਸਿੰਘ ਕਲਸੀ, ਪ੍ਰਿਤਪਾਲ ਸਿੰਘ ਖਾਲਸਾ, ਹਰਜਿੰਦਰ ਸਿੰਘ ਛਿੱਬਰ, ਗਗਨ ਸ਼ੁਕਲਾ, ਰਾਜ ਕੁਮਾਰ ਦਸੌੜ, ਹਰਵਿੰਦਰ ਸਿੰਘ ਸੂਦ, ਰਾਜ ਕੁਮਾਰ ਵਰਮਾ, ਸੁਖਵਿੰਦਰ ਸਿੰਘ ਹੈਪੀ, ਗਿਆਨ ਸਿੰਘ ਸਰੋਆ, ਵਰੂਣ ਸ਼ੁਕਲਾ, ਗਗਨ ਸ਼ਰਮਾ ਆਦਿ ਪੱਤਰਕਾਰ ਹਾਜ਼ਰ ਸਨ।


Share