ਮੋਦੀ ਸਰਕਾਰ ਦੀ 7 ਸਾਲਾਂ ’ਚ ਪਹਿਲੀ ਵਾਰ ਵੱਡੇ ਪੱਧਰ ’ਤੇ ਡਿੱਗੀ ਰੇਟਿੰਗ: ਸਰਵੇਖਣ

99
Share

-ਕਰੋਨਾ ਸੰਕਟ ਨਾਲ ਨਜਿੱਠਣ ’ਚ ਮੋਦੀ ਸਰਕਾਰ ਨੂੰ ਫੇਲ ਗਰਦਾਨਿਆ
– 543 ਲੋਕ ਸਭਾ ਹਲਕਿਆਂ ਦੇ 1.39 ਲੱਖ ਲੋਕਾਂ ’ਤੇ ਹੋਇਆ ਸਰਵੇਖਣ;
– ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ 23.1 ਫੀਸਦੀ ਨੇ ਰੋਸ ਜਤਾਇਆ
ਨਵੀਂ ਦਿੱਲੀ, 29 ਮਈ (ਪੰਜਾਬ ਮੇਲ)- ਨਰਿੰਦਰ ਮੋਦੀ ਸਰਕਾਰ ਦੀ ਸੱਤ ਸਾਲਾਂ ਵਿਚ ਪਹਿਲੀ ਵਾਰ ਰੇਟਿੰਗ ਵੱਡੇ ਪੱਧਰ ’ਤੇ ਡਿੱਗੀ ਹੈ। ਏ.ਬੀ.ਪੀ.-ਸੀ ਵੋਟਰ ਮੋਦੀ 2.0 ਰਿਪੋਰਟ ਕਾਰਡ ਅਨੁਸਾਰ ਵੋਟਰਾਂ ਨੇ ਜੰਮੂ ਕਸ਼ਮੀਰ ਵਿਚੋਂ ਧਾਰਾ 370 ਰੱਦ ਕਰਨ ਨੂੰ ਮੋਦੀ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ ਸੀ, ਜਦਕਿ ਕਰੋਨਾ ਸੰਕਟ ਦਾ ਸਹੀ ਹੱਲ ਨਾ ਕਰਨ ’ਤੇ ਮੋਦੀ ਸਰਕਾਰ ਨੂੰ ਫੇਲ ਗਰਦਾਨਿਆ ਹੈ। ਇਹ ਸਰਵੇਖਣ 543 ਲੋਕ ਸਭਾ ਹਲਕਿਆਂ ਵਿਚ 1.39 ਲੱਖ ਲੋਕਾਂ ’ਤੇ ਕੀਤਾ ਗਿਆ। ਇਸ ਸਰਵੇਖਣ ਪਹਿਲੀ ਜਨਵਰੀ ਤੋਂ 28 ਮਈ ਦਰਮਿਆਨ ਕੀਤਾ ਗਿਆ। ਇਸ ਵਿਚ ਇਹ ਵੀ ਦਰਸਾਇਆ ਗਿਆ ਕਿ ਕਈ ਮੁੱਦਿਆਂ ’ਤੇ ਵੋਟਰ ਮੋਦੀ ਸਰਕਾਰ ਤੋਂ ਨਿਰਾਸ਼ ਹਨ। ਇਨ੍ਹਾਂ ਹਲਕਿਆਂ ਦੇ 41.1 ਫੀਸਦੀ ਲੋਕਾਂ ਨੇ ਮੋਦੀ ਸਰਕਾਰ ਨੂੰ ਕਰੋਨਾ ਮਾਮਲੇ ਵਿਚ ਫੇਲ ਸਰਕਾਰ ਦੱਸਿਆ ਹੈ। ਇਸ ਸਰਕਾਰ ਪ੍ਰਤੀ ਨਿਰਾਸ਼ਤਾ ਦਾ ਦੂਜਾ ਵੱਡਾ ਕਾਰਨ ਕੇਂਦਰੀ ਖੇਤੀ ਕਾਨੂੰਨ ਹਨ, ਜਿਸ ਕਾਰਨ ਕਿਸਾਨ ਤੇ ਹੋਰ ਲੋਕ ਕੇਂਦਰ ਸਰਕਾਰ ਖਿਲਾਫ ਹੋਏ ਹਨ। ਇਸ ਮੁੱਦੇ ’ਤੇ 23.1 ਫੀਸਦੀ ਲੋਕਾਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। 52.3 ਫੀਸਦੀ ਨੇ ਕਿਹਾ ਹੈ ਕਿ ਲੌਕਡਾਊਨ ਦੌਰਾਨ ਆਮ ਲੋਕਾਂ ਤੱਕ ਸਰਕਾਰੀ ਮਦਦ ਨਹੀਂ ਪੁੱਜੀ। ਇਸ ਤੋਂ ਇਲਾਵਾ ਕਰੋਨਾ ਦੀ ਦੂਜੀ ਲਹਿਰ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਦੀ ਚੋਣ ਮੁਹਿੰਮ ਨੂੰ ਵੀ ਲੋਕਾਂ ਨੇ ਗਲਤ ਦੱਸਿਆ ਹੈ।

Share