ਮੋਦੀ ਨੇ 24 ਨੂੰ ਜੰਮੂ-ਕਸ਼ਮੀਰ ਦੇ ਮੁੱਦੇ ‘ਤੇ ਸੱਦੀ ਸਰਬ ਪਾਰਟੀ ਮੀਟਿੰਗ

115
Share

ਨਵੀਂ ਦਿੱਲੀ, 20 ਜੂਨ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਹਫ਼ਤੇ ਵੀਰਵਾਰ ਨੂੰ ਜੰਮੂ-ਕਸ਼ਮੀਰ ਨੂੰ ਲੈ ਕੇ ਸਰਬਪਾਰਟੀ ਮੀਟਿੰਗ ਦਾ ਸੱਦਾ ਦਿੱਤਾ ਹੈ | 24 ਜੂਨ ਨੂੰ ਹੋਣ ਵਾਲੀ ਇਸ ਮੀਟਿੰਗ ‘ਚ ਸਾਰੀਆਂ ਖੇਤਰੀ ਪਾਰਟੀਆਂ ਨਾਲ ਗੱਲਬਾਤ ਕੀਤੀ ਜਾਵੇਗੀ | ਸਾਲ 2019 ‘ਚ ਧਾਰਾ-370 ਖ਼ਤਮ ਕਰਨ ਤੋਂ ਬਾਅਦ ਸਿਆਸੀ ਅੜਿੱਕੇ ਨੂੰ ਖ਼ਤਮ ਕਰਨ ਲਈ ਸਰਕਾਰ ਵਲੋਂ ਇਹ ਪਹਿਲਾ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ | ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਇਨ੍ਹਾਂ ਨੇਤਾਵਾਂ ਕੋਲ ਪ੍ਰਧਾਨ ਮੰਤਰੀ ਨਰਿੰਦਰ ਦੀ ਰਿਹਾਇਸ਼ ਸਥਿਤ ਹੋ ਰਹੀ ਮੀਟਿੰਗ ‘ਚ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਲਈ ਭਵਿੱਖ ਦੀ ਯੋਜਨਾ ‘ਤੇ ਵਿਚਾਰ ਕਰਨ ਲਈ ਸੱਦਾ ਦੇਣ ਪਹੁੰਚੇ ਸਨ | ਬੁਲਾਏ ਗਏ 4 ਸਾਬਕਾ ਮੁੱਖ ਮੰਤਰੀਆਂ ‘ਚ ਨੈਸ਼ਨਲ ਕਾਨਫ਼ਰੰਸ ਦੇ ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਪੁੱਤਰ ਓਮਰ ਅਬਦੁੱਲਾ, ਸੀਨੀਅਰ ਕਾਂਗਰਸ ਨੇਤਾ ਗੁਲਾਮ ਨਬੀ ਆਜਾਦ ਅਤੇ ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਸ਼ਾਮਿਲ ਹਨ | ਚਾਰ ਸਾਬਕਾ ਉਪ ਮੁੱਖ ਮੰਤਰੀਆਂ ‘ਚ ਕਾਂਗਰਸ ਨੇਤਾ ਤਾਰਾ ਚੰਦ, ਪੀਪਲਜ਼ ਕਾਨਫਰੰਸ ਨੇਤਾ ਮੁਜ਼ੱਫਰ ਹੁਸੈਨ ਬੇਗ ਅਤੇ ਭਾਜਪਾ ਨੇਤਾ ਨਿਰਮਲ ਸਿੰਘ ਅਤੇ ਕਵਿੰਦਰ ਗੁਪਤਾ ਨੂੰ ਵੀ ਮੁਲਾਕਾਤ ਲਈ ਬੁਲਾਇਆ ਗਿਆ ਹੈ | ਹਾਲਾਂਕਿ ਇਸ ਸਿਆਸੀ ਸਰਗਰਮੀ ਦੀ ਜਾਣਕਾਰੀ ਸਥਾਨਕ ਨੇਤਾਵਾਂ ਨੂੰ ਦਿੱਤੀ ਜਾ ਚੁੱਕੀ ਹੈ ਪਰ ਸਾਰੇ ਆਗੂ ਸਰਕਾਰ ਵਲੋਂ ਇਕ ਰਸਮੀ ਸੱਦੇ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਸ ਤੋਂ ਬਾਅਦ ਉਹ ਆਪਣੀ ਪਾਰਟੀ ਦੀ ਰਣਨੀਤੀ ਉਲੀਕ ਸਕਣ | ਇਸ ਦੇ ਨਾਲ ਹੀ ਨੈਸ਼ਨਲ ਕਾਨਫਰੰਸ, ਪੀ.ਡੀ.ਪੀ., ਕਾਂਗਰਸ ਅਤੇ ਸੀ.ਪੀ.ਆਈ. (ਐਮ) ਨੇ ਕਿਹਾ ਕਿ ਉਹ ਆਪਣੇ-ਆਪਣੇ ਦਲਾਂ ਨਾਲ ਵਿਚਾਰ ਚਰਚਾ ਕਰਨ ਦੇ ਬਾਅਦ ਦਿੱਲੀ ‘ਚ ਪ੍ਰਧਾਨ ਮੰਤਰੀ ਮੋਦੀ ਨਾਲ ਬੈਠਕ ‘ਚ ਸ਼ਾਮਿਲ ਹੋਣ ਬਾਰੇ ਫੈਸਲਾ ਕਰਨਗੇ | ਹਲਕਿਆਂ ਮੁਤਾਬਿਕ ਮੋਦੀ ਵਲੋਂ ਸੱਦੀ ਮੀਟਿੰਗ ‘ਚ ਜੰਮੂ-ਕਸ਼ਮੀਰ ਕੇਦਰੀ ਪ੍ਰਬੰਧਿਤ ਪ੍ਰਦੇਸ਼ ਨੂੰ ਪੂਰਨ ਰਾਜ ਦਾ ਦਰਜਾ ਦੇਣ ਆਦਿ ਮੁੱਦਿਆਂ ‘ਤੇ ਚਰਚਾ ਹੋ ਸਕਦੀ ਹੈ | ਬੈਠਕ ‘ਚ ਜੰਮੂ-ਕਸ਼ਮੀਰ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਵੀ ਚਰਚਾ ਹੋਣ ‘ਤੇ ਕਿਆਸ ਲਾਏ ਜਾ ਰਹੇ ਹਨ | ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ ‘ਚ ਇਕ ਉੱਚ ਪੱਧਰੀ ਮੀਟਿੰਗ ਵੀ ਕੀਤੀ ਸੀ, ਜਿਸ ‘ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਗ੍ਰਹਿ ਸਕੱਤਰ ਅਜੈ ਭੱਲਾ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਅਰਵਿੰਦ ਕੁਮਾਰ, ਰਾਅ ਦੇ ਮੁਖੀ ਸਾਮੰਤ ਕੁਮਾਰ ਗੋਇਲ, ਸੀ.ਆਰ.ਪੀ.ਐੱਫ਼. ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਅਤੇ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਸ਼ਾਮਿਲ ਹੋਏ | ਸ਼ਾਹ ਨੇ ਇਸ ਮੀਟਿੰਗ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਵੀ ਮੁਲਾਕਾਤ ਕੀਤੀ | ਇਨ੍ਹਾਂ ਦੋਵਾਂ ਮੁਲਾਕਾਤਾਂ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ |


Share