ਮੋਡਰਨਾ ਵੈਕਸੀਨ ਲਵਾਉਣ ਵਾਲੇ ਡਾਕਟਰ ਨੂੰ ਹੋਈ ਐਲਰਜੀ ਸੰਬੰਧੀ ਪ੍ਰੇਸ਼ਾਨੀ: ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ

511
Share

ਵਾਸ਼ਿੰਗਟਨ, 27 ਦਸੰਬਰ (ਪੰਜਾਬ ਮੇਲ)-ਅਮਰੀਕੀ ਦਵਾਈ ਨਿਰਮਾਤਾ ਕੰਪਨੀ ਮੋਡਰਨਾ ਦੀ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਇਕ ਡਾਕਟਰ ਨੂੰ ਐਲਰਜੀ ਸੰਬੰਧੀ ਪ੍ਰੇਸ਼ਾਨੀ ਹੋਈ ਹੈ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਅਮਰੀਕਾ ’ਚ ਇਸ ਤਰ੍ਹਾਂ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਸ ਵੈਕਸੀਨ ਦੀ ਸੁਰੱਖਿਆ ਨੂੰ ਲੈ ਕੇ ਕੁਝ ਸਵਾਲ ਖੜ੍ਹੇ ਕਰ ਦਿੱਤੇ ਹਨ। ਬਾਸਟਨ ਮੈਡੀਕਲ ਸੈਂਟਰ ਨੇ ਆਨਕੋਲਾਜਿਸਟ (ਕੈਂਸਰ ਰੋਗ ਮਾਹਰ) ਹੁਸੈਨ ਸਦਰਜਾਦੇਹ ਨੇ ਵੀਰਵਾਰ ਨੂੰ ਮੋਡਰਨਾ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ ਸੀ ਜਿਸ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਐਲਰਜੀ ਸੰਬੰਧੀ ਪ੍ਰੇਸ਼ਾਨੀ ਹੋਣ ਲੱਗੀ।
ਇਸ ਤੋਂ ਬਾਅਦ ਡਾਕਟਰ ਸਦਰਜਾਦੇਹ ਦਾ ਮੈਡੀਕਲ ਸੈਂਟਰ ਦੇ ਐਮਰਜੈਂਸੀ ਸੁਵਿਧਾ ਕੇਂਦਰ ’ਚ ਇਲਾਜ ਕੀਤਾ ਗਿਆ। ਡਾਕਟਰ ਸਦਰਜਾਦੇਹ ਨੂੰ ਹੁਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਹੁਣ ਬਿਹਤਰ ਮਹਿਸੂਸ ਕਰ ਰਹੇ ਹਨ। ਇਸ ਘਟਨਾ ’ਤੇ ਮੋਡਰਨਾ ਦੇ ਬੁਲਾਰੇ ਰੇ ਜਾਰਡਨ ਨੇ ਕਿਹਾ ਕਿ ਕੰਪਨੀ ਕਿਸੇ ਇਕ ਮਾਮਲੇ ਨੂੰ ਲੈ ਕੇ ਟਿੱਪਣੀ ਨਹੀਂ ਕਰ ਸਕਦੀ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਦਵਾਈ ਕੰਪਨੀ ਫਾਈਜ਼ਰ-ਬਾਇਓਨਟੈੱਕ ਦੀ ਕੋਰੋਨਾ ਵੈਕਸੀਨ ਲੈਣ ਵਾਲੇ ਛੇ ਲੋਕਾਂ ’ਚ ਵੀ ਐਲਰਜੀ ਸੰਬੰਧੀ ਸ਼ਿਕਾਇਤ ਸਾਹਮਣੇ ਆਈ ਸੀ। ਅਮਰੀਕਾ ਦੇ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਵਿਭਾਗ ਨੇ ਇਸ ਮਾਮਲੇ ’ਚ ਜਾਂਚ ਦੇ ਹੁਕਮ ਦਿੱਤੇ ਹਨ। ਇਹ ਮਾਮਲਾ ਅਜਿਹੇ ਸਮੇਂ ’ਚ ਸਾਹਮਣੇ ਆਇਆ ਹੈ, ਜਦ ਕੋਰੋਨਾ ਵੈਕਸੀਨ ਦੀ ਕਰੀਬ ਇਕ ਕਰੋੜ ਖੁਰਾਕਾਂ ਅਮਰੀਕਾ ਦੇ ਵੱਖ-ਵੱਖ ਸੂਬਿਆਂ ’ਚ ਵੰਡੀਆਂ ਜਾ ਚੁੱਕੀਆਂ ਹਨ।

Share