ਮੋਗਾ ਦੇਹ ਵਪਾਰ ਮਾਮਲਾ: ਆਪ ਵੱਲੋਂ ਸੀ.ਬੀ.ਆਈ. ਜਾਂਚ ਦੀ ਮੰਗ

707
Share

ਮੋਗਾ, 23 ਮਈ (ਪੰਜਾਬ ਮੇਲ)- ਮੋਗਾ ਦੇਹ ਵਪਾਰ ਦੀਆਂ ਇਕ-ਇਕ ਕਰਕੇ ਜਿੱਥੇ ਪਰਤਾਂ ਖੁੱਲ੍ਹ ਰਹੀਆਂ ਹਨ, ਉਥੇ ਹੀ ਅੱਜ ਮੋਗਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਕੇਸ ਸੀ. ਬੀ. ਆਈ. ਹਵਾਲੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ 2003 ਅਤੇ ਫਿਰ 2007-08 ਦੌਰਾਨ ਮੋਗਾ ਵਿਖੇ ਹੋਏ ਦੇਹ ਵਪਾਰ ਦੇ ਮਾਮਲੇ ਵਿਚ ਹੁਣ ਵੀ ਵੱਡੇ ਪੁਲਸ ਅਫ਼ਸਰਾਂ, ਰਾਜਸੀ ਆਗੂਆਂ ਅਤੇ ਰਸੂਖਦਾਰਾਂ ਦੇ ਨਾਮ ਸਾਹਮਣੇ ਆਏ ਹਨ ਅਤੇ ਹੁਣ ਇਹ ਮੋਗਾ ਵਿਖੇ ਤੀਜੇ ਵੱਡੇ ਦੇਹ ਵਪਾਰ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲੇ ਦੇਹ ਵਪਾਰ ਦੇ ਮੁੱਖ ਗਵਾਹ ਪਤੀ-ਪਤਨੀ ਦਾ ਕਤਲ ਹੋਣ ਕਰਕੇ ਇਹ ਮਾਮਲਾ ਕਿਸੇ ਵੀ ਤਣ-ਪਤਣ ਨਹੀਂ ਲੱਗ ਸਕਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਤਰ੍ਹਾਂ ਦੇ ਮਾਮਲੇ ਵਿਚ ਇਕੱਲੀ ਪੁਲਸ ਦੀ ਸ਼ਮੂਲੀਅਤ ਨਹੀਂ ਹੁੰਦੀ, ਸਗੋਂ ਇਸ ਵਿਚ ਸਿਆਕੀ ਲੀਡਰ ਵੀ ਸ਼ਾਮਲ ਹੁੰਦੇ ਹਨ।
ਚੀਮਾ ਨੇ ਕਿਹਾ ਕਿ ਨਿਹਾਲ ਸਿੰਘ ਵਾਲਾ ਵਿਖੇ ਤਾਇਨਾਤ ਰਹੇ ਪੁਲਸ ਅਧਿਕਾਰੀਆਂ ਨੇ ਸੈਕਸ ਦੇ ਨਾਮ ‘ਤੇ ਲੋਕਾਂ ਨੂੰ ਡਰਾ ਧਮਕਾ ਕੇ ਲੱਖਾਂ ਰੁਪਏ ਲਏ ਹਨ। ਉਨ੍ਹਾਂ ਇਸ ਤਰ੍ਹਾਂ ਦੇ ਇਕ ਹੋਰ ਮਾਮਲੇ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਕਿ ਇਕ ਨੌਜਵਾਨ ਕਾਂਗਰਸੀ ਆਗੂ ਨੂੰ ਬਚਾਉਣ ਜ਼ਿਲ੍ਹਾ ਪੁਲਸ ਨੇ ਪੂਰਾ ਤਾਣ ਲਗਾ ਦਿੱਤਾ ਹੈ ਜਦਕਿ ਮਾਨਯੋਗ ਸੁਪਰੀਮ ਕੋਰਟ ਦੇ ਇਹ ਹੁਕਮ ਹਨ ਕਿ ਜੇਕਰ ਕੋਈ ਵੀ ਪੀੜਤ ਔਰਤ ਕੋਈ ਸੰਗੀਨ ਦੋਸ਼ ਲਗਾ ਕੇ ਸ਼ਿਕਾਇਤ ਪੱਤਰ ਦਿੰਦੀ ਹੈ ਤਾਂ ਤੁਰੰਤ ਪੁਲਸ ਮਕੁੱਦਮਾ ਦਰਜ ਕੀਤਾ ਜਾਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਮੋਗਾ ਪੁਲਸ ਨੇ ਮਾਮਲੇ ਦੀ ਜਾਂਚ ਬਿਠਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਹ ਵਪਾਰ ਦੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੇ ਜਾਂਚ ਸੀ.ਬੀ.ਆਈ. ਦੇ ਹਵਾਲੇ ਨਾ ਕੀਤੀ ਤਾਂ ਮਾਨਯੋਗ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਜਾਵੇਗੀ। ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾ, ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ, ਹਲਕਾ ਮੋਗਾ ਦੇ ਇੰਚਾਰਜ ਨਵਦੀਪ ਸੰਘਾ ਅਤੇ ਹੋਰ ਆਗੂ-ਵਰਕਰ ਮੌਜੂਦ ਸਨ।


Share