ਮੋਗਾ ’ਚ ਡਿਪਟੀ ਮੇਅਰ ਨੂੰ ਥੱਪੜ ਮਾਰਨ ਵਾਲੇ ਲੁਧਿਆਣਾ ਪੁਲਿਸ ਦੇ ਐੱਸ.ਐੱਚ.ਓ. ਖ਼ਿਲਾਫ਼ ਕੇਸ ਦਰਜ

417
Share

ਮੋਗਾ, 24 ਸਤੰਬਰ (ਪੰਜਾਬ ਮੇਲ)- ਇਥੋਂ ਦੀ ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ ਨੂੰ ਥੱਪੜ ਮਾਰਨ ਵਾਲੇ ਥਾਣਾ ਡਿਵੀਜ਼ਨ-5, ਲੁਧਿਆਣਾ ਪੁਲਿਸ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਕੁਲਦੀਪ ਸਿੰਘ ਖ਼ਿਲਾਫ਼ ਥਾਣਾ ਸਿਟੀ ’ਚ ਅੱਜ ਸਵੇਰੇ ਕੇਸ ਦਰਜ ਕੀਤਾ ਗਿਆ ਹੈ। ਥਾਣੇਦਾਰ ਖ਼ਿਲਾਫ਼ ਕਾਰਵਾਈ ਲਈ ਰਾਤ ਇਕ ਵਜੇ ਵਿਧਾਇਕ ਧਰਨੇ ਵਿਚ ਬੈਠੇ ਤੇ ਧਰਨਾ ਤੜਕੇ 3 ਵਜੋਂ ਤੱਕ ਚੱਲਿਆ। ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਵੀਰਵਾਰ ਨੂੰ ਸ਼ਾਮ ਕਰੀਬ 5 ਵਜੇ ਇਥੇ ਕਬਾੜ ਬਾਜ਼ਾਰ ’ਚ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ ਲਈ ਛਾਪਾ ਮਾਰਿਆ ਸੀ। ਇਸ ਦੌਰਾਨ ਐੱਸ.ਐੱਚ.ਓ. ਨੇ ਤੈਸ਼ ’ਚ ਨਗਰ ਨਿਗਮ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ ਨੂੰ ਥੱਪੜ ਮਾਰਨ ਨਾਲ ਹਜ਼ੂਮ ਇਕੱਠਾ ਹੋ ਗਿਆ। ਲੋਕ ਦੇਰ ਰਾਤ ਤੱਕ ਕਾਰਵਾਈ ਦੀ ਮੰਗ ਨੂੰ ਲੈ ਕੇ ਡਟੇ ਰਹੇ ਅਤੇ ਦੇਰ ਰਾਤ ਨੂੰ ਸਥਾਨਕ ਹਾਕਮ ਧਿਰ ਵਿਧਾਇਕ ਡਾ. ਹਰਜੋਤ ਕਮਲ ਵੀ ਲੋਕਾਂ ਨਾਲ ਧਰਨੇ ਉੱਤੇ ਆ ਬੈਠੇ। ਸਥਾਨਕ ਪੁਲਿਸ ਅਧਿਕਾਰੀ ਦੋਵਾਂ ਧਿਰਾਂ ’ਚ ਦੇਰ ਰਾਤ ਸਮਝੌਤਾ ਕਰਵਾਉਣ ਲਈ ਕੋਸ਼ਿਸਾਂ ਕਰਦੇ ਰਹੇ। ਸੂਤਰਾਂ ਦੀ ਮੰਨੀਏ ਤਾਂ ਐੱਸ.ਐੱਚ.ਓ. ਨੇ ਕਥਿਤ ਤੌਰ ਉੱਤੇ ਮੁਆਫ਼ੀ ਵੀ ਮੰਗ ਲਈ। ਇਸ ਮਾਮਲੇ ਨੇ ਸਿਆਸੀ ਰੰਗਤ ਲੈ ਲੈਣ ਬਾਅਦ ਅੱਜ ਸਵੇਰੇ ਥਾਣਾ ਸਿਟੀ ਪੁਲਿਸ ਨੇ ਐੱਸ.ਐੱਚ.ਓ. ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 323/341/506 ਧਰਾਵਾਂ ਤਹਿਤ ਐੱਫ਼.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਿਪਟੀ ਮੇਅਰ ਅਸੋਕ ਕੁਮਾਰ ਧਮੀਜਾ ਜੋ ਸਥਾਨਕ ਕਬਾੜ ਬਜ਼ਾਰ ਦੇ ਪ੍ਰਧਾਨ ਵੀ ਹਨ, ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਲੁਧਿਆਣਾ ਪੁਲਿਸ ਨੇ ਉਸ ਦੇ ਭਤੀਜੇ ਦੀ ਦੁਕਾਨ ’ਤੇ ਛਾਪਾਮਾਰੀ ਕੀਤੀ। ਉਹ ਸ਼ਹਿਰ ਦਾ ਨੁਮਾਇੰਦਾ ਤੇ ਕਬਾੜ ਬਜ਼ਾਰ ਦਾ ਪ੍ਰਧਾਨ ਹੋਣ ਦੇ ਨਾਤੇ ਉਥੇ ਪੁੱਜਾ ਤਾਂ ਲੁਧਿਆਣਾ ਪੁਲਿਸ ਨੇ ਉਸ ਦੀ ਗੱਲ ਸੁਣਨ ਦੀ ਥਾਂ ਕਥਿਤ ਤੌਰ ਉੱਤੇ ਲੱਖ ਰੁਪਏ ਦੀ ਵੱਢੀ ਮੰਗੀ। ਇਸ ਬਾਅਦ ਤੈਸ਼ ’ਚ ਆ ਕੇ ਐੱਸ.ਐੱਚ.ਓ. ਕੁਲਦੀਪ ਸਿੰਘ ਨੇ ਉਸ ਨੂੰ ਥੱਪੜ ਮਾਰਕੇ ਅਪਮਾਨਿਤ ਕੀਤਾ ਗਿਆ। ਥੱਪੜ ਮਾਰਨ ਦੀ ਘਟਲਾ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਇਥੇ ਦੱਸਣਯੋਗ ਹੈ ਕਿ ਲੁਧਿਆਣਾ ਪੁਲਿਸ ਪਹਿਲਾਂ ਡਿਪਟੀ ਮੇਅਰ ਨੂੰ ਥੱਪੜ ਮਾਰਨ ਤੋਂ ਮੁਕਰ ਗਈ ਪਰ ਸੀ.ਸੀ.ਟੀ.ਵੀ. ਕੈਮਰੇ ਨੋ ਪੋਲ ਖੋਲ੍ਹ ਦਿੱਤੀ ਸੀ।

Share