ਮੈਨਹੱਟਨ ‘ਚ ਗਿਰਜਾਘਰ ਦੇ ਬਾਹਰ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਮਾਰੀ ਗੋਲੀ

439
Share

ਫਰਿਜ਼ਨੋ, 15 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਨਿਊਯਾਰਕ ਦੇ ਮੈਨਹਟਨ ‘ਚ ਇੱਕ ਚਰਚ ਦੇ ਕ੍ਰਿਸਮਸ ਸਮਾਰੋਹ ‘ਚ ਇੱਕ ਹਮਲਾਵਰ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਪੁਲਿਸ ਵੱਲੋਂ ਉਸਨੂੰ ਜਵਾਬੀ ਕਾਰਵਾਈ ਕਰਦਿਆਂ ਮੌਤ ਦੇ ਘਾਟ ਉਤਾਰਿਆ ਗਿਆ। ਅਧਿਕਾਰੀਆਂ ਅਨੁਸਾਰ ਮਾਰਨਿੰਗਸਾਈਡ ਹਾਈਟਸ ਵਿਚ ਸੇਂਟ ਜਾਨ ਚਰਚ ਦੀਆਂ ਪੌੜੀਆਂ ‘ਤੇ ਹੋ ਰਹੇ
ਕ੍ਰਿਸਮਸ ਸਮਾਰੋਹ ਦੌਰਾਨ ਇਕੱਠੇ ਹੋਏ ਸੈਂਕੜੇ ਲੋਕਾਂ ਦੀ ਭੀੜ ਵਿਚਕਾਰ ਇੱਕ ਹਮਲਾਵਰ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਇਸ ਮੌਕੇ ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਸੀ ਕਿ ਕੀ ਬੰਦੂਕਧਾਰੀ ਭੀੜ ਵਿਚ ਕਿਸੇ ਨੂੰ ਗੋਲੀ ਮਾਰ ਰਿਹਾ ਸੀ, ਪਰ ਚਰਚ ਦੀ ਫੇਸਬੁੱਕ ਪੋਸਟ ਅਨੁਸਾਰ ਉਹ ਹਵਾ ਵਿਚ ਗੋਲੀਬਾਰੀ ਕਰਦਾ ਹੋਇਆ ਦਿਖਾਈ ਦਿੱਤਾ ਸੀ। ਹਮਲਾਵਰ ਵੱਲੋਂ ਚਲਾਈ ਗੋਲੀ ਦੌਰਾਨ ਇਸ ਸਮਾਰੋਹ ਵਿਚ ਸ਼ਾਮਲ ਲੋਕਾਂ ਦੀ ਭੀੜ ਨੂੰ ਐਮਸਟਰਡਮ ਐਵੀਨਿਊ ਦੇ ਫੁੱਟਪਾਥ ‘ਤੇ ਭੱਜਦਿਆਂ ਹੋਇਆ ਵੇਖਿਆ ਗਿਆ। ਇਸ ਘਟਨਾ ਦੇ ਸੰਬੰਧ ਵਿਚ ਪੁਲਿਸ ਕਮਿਸ਼ਨਰ ਡਰਮੋਟ ਐਫ ਸ਼ੀਆ ਦੇ ਬਿਆਨ ਅਨੁਸਾਰ ਹਮਲਾਵਰ ਵੱਲੋਂ ਸੰਗਮਰਮਰ ਦੇ ਥੰਮ੍ਹ ਦੇ ਪਿਛਲੇ ਪਾਸੇ ਤੋਂ ਫਾਇਰਿੰਗ ਕੀਤੀ ਗਈ ਅਤੇ ਨੇੜੇ ਕੰਮ ਕਰ ਰਹੇ ਤਿੰਨ ਅਧਿਕਾਰੀਆਂ ਵੱਲੋਂ ਜਵਾਬੀ ਕਾਰਵਾਈ ਕਰਕੇ ਉਸਨੂੰ ਮੌਤ ਦੇ ਘਾਟ ਉਤਾਰਿਆ ਗਿਆ। ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਦੋ ਆਟੋਮੈਟਿਕ ਹਥਿਆਰਾਂ ਦੇ ਨਾਲ ਇੱਕ ਬੈਗ ਵਿਚ ਗੈਸੋਲੀਨ, ਤਾਰ, ਰੱਸੀ, ਮਲਟੀਪਲ ਚਾਕੂ, ਟੇਪ ਅਤੇ ਇੱਕ ਬਾਈਬਲ ਬਰਾਮਦ ਕੀਤੀ ਹੈ। ਇਸ ਹਮਲੇ ਦੇ ਮਾਮਲੇ ਵਿਚ ਹਮਲਾਵਰ ਦਾ ਮਨੋਰਥ ਵੀ ਸਪੱਸ਼ਟ ਨਹੀਂ ਹੋਇਆ ਹੈ।


Share