ਮੈਕਸਿਕੋ ਦੇ ‘ਡਰੱਗ ਕਿੰਗ’ ਅਲ ਚੈਪੋ ਦੀ ਪਤਨੀ ਯੂ. ਐੱਸ. ਏ. ‘ਚ ਦੋਸ਼ੀ ਕਰਾਰ

311
Share

ਵਾਸ਼ਿੰਗਟਨ, 13 ਜੂਨ (ਪੰਜਾਬ ਮੇਲ)- ਮੈਕਸਿਕੋ ਦੇ ਖੂੰਖਾਰ ਡਰੱਗ ਮਾਫ਼ੀਆ ਜੋਆਕਵਿਨ ਅਲ ਚੈਪੋ ਗੁਜਮੈਨ ਦੀ ਪਤਨੀ ਨੂੰ ਅਮਰੀਕਾ ਵਿਚ ਕਈ ਅਪਰਾਧਾਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਏਮਾ ਕੋਰੋਨੇਲ ਐਸਪੁਰੋ ਨੇ ਅਦਾਲਤ ਵਿਚ ਸਵੀਕਾਰ ਕੀਤਾ ਕਿ ਉਸ ਨੇ ਆਪਣੇ ਪਤੀ ਨੂੰ ਅਰਬਾਂ ਡਾਲਰ ਦੇ ਅਪਰਾਧਿਕ ਸਾਮਰਾਜ ਨੂੰ ਚਲਾਉਣ ਵਿਚ ਮਦਦ ਕੀਤੀ। 

ਦੋਸ਼ੀ ਠਹਿਰਾਏ ਜਾਣ ਸਮੇਂ ਚੈਪੋ ਦੀ ਪਤਨੀ ਜੇਲ੍ਹ ਦੀ ਹਰੇ ਰੰਗ ਦੀ ਵਰਦੀ ਪਾ ਕੇ ਵਾਸ਼ਿੰਗਟਨ ਦੀ ਫੈਡਰਲ ਅਦਾਲਤ ਵਿਚ ਪੇਸ਼ ਹੋਈ। ਕੋਰਟ ਨੇ ਅਲ ਚੈਪੋ ਦੀ ਪਤਨੀ ਨੂੰ ਤਿੰਨ ਫੈਡਰਲ ਅਪਰਾਧਾਂ ਲਈ ਦੋਸ਼ੀ ਠਹਿਰਾਇਆ। ਇਨ੍ਹਾਂ ਦੋਸ਼ਾਂ ਵਿਚ ਜਾਣਬੁਝ ਕੇ ਸਾਲਾਂ ਤੋਂ ਹੈਰੋਇਨ, ਕੋਕੀਨ, ਭੰਗ ਅਤੇ ਮੇਥਮਫੇਟਾਮਾਈਨ ਦੀ ਨਜਾਇਜ਼ ਵਿਕਰੀ ਕਰਨ ਦੀ ਸਾਜ਼ਸ਼ ਸ਼ਾਮਲ ਹੈ। ਕੋਰਟ ਵੱਲੋਂ ਉਸ ਨੂੰ ਸਤੰਬਰ ਮਹੀਨੇ ਵਿਚ ਸਜ਼ਾ ਸੁਣਾਈ ਜਾਵੇਗੀ। ਉਸ ਨੂੰ ਘੱਟੋ-ਘੱਟ 10 ਸਾਲ ਕੈਦ ਹੋ ਸਕਦੀ ਹੈ।

ਇਸ ਤੋਂ ਇਲਾਵਾ ਕੋਰੋਨੇਲ ਨੂੰ ਮਨੀ ਲਾਂਡਰਿੰਗ ਦੀ ਸਾਜ਼ਸ਼ ਅਤੇ ਇਕ ਵਿਦੇਸ਼ੀ ਨਸ਼ਾ ਤਸਕਰ ਨਾਲ ਲੈਣ-ਦੇਣ ਵਿਚ ਸ਼ਾਮਲ ਹੋਣ ਲਈ ਵੀ ਦੋਸ਼ੀ ਠਹਿਰਾਇਆ ਗਿਆ। 31 ਸਾਲਾ ਕੋਰੋਨੇਲ ਨੂੰ ਇਸ ਸਾਲ ਫਰਵਰੀ ਵਿਚ ਵਰਜੀਨੀਆ ਦੇ ਡਲੇਸ ਕੌਮਾਂਤਰੀ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਗ੍ਰਿਫ਼ਤਾਰੀ ਮਗਰੋਂ ਉਹ ਜੇਲ੍ਹ ਵਿਚ ਹੈ। ਕੋਰਟ ਹਾਊਸ ਦੇ ਬਾਹਰ ਕੋਰੋਨੇਲ ਐਸਪੁਰੋ ਦੇ ਵਕੀਲ ਜੈਫਰੀ ਲਿਕਟਮੈਨ ਨੇ ਕਿਹਾ ਕਿ ਐਸਪੁਰੋ ਨੂੰ ਆਪਣੇ ਪਤੀ ਨੂੰ ਉਮਰ ਕੈਦ ਹੋਣ ਮਗਰੋਂ ਖੁਦ ਦੀ ਗ੍ਰਿਫ਼ਤਾਰੀ ਦੀ ਉਮੀਦ ਨਹੀਂ ਸੀ। ਇਹ ਉਸ ਲਈ ਪ੍ਰੇਸ਼ਾਨ ਕਰਨ ਵਾਲਾ ਸਮਾਂ ਹੈ। ਕੋਰਟਰੂਮ ਦੇ ਸੂਤਰਾਂ ਨੇ ਕਿਹਾ ਕਿ ਏਮਾ ਨੇ ਆਪਣੇ ‘ਤੇ ਲੱਗੇ ਸਾਰੇ ਜੁਰਮਾਂ ਬਾਰੇ ਚੁੱਪ-ਚਾਪ ਸੁਣਿਆ। ਉਸ ਨੂੰ ਡਰ ਹੈ ਕਿ ਜੇਕਰ ਕੇਸ ਨਵੀਂ ਸੁਣਵਾਈ ‘ਤੇ ਜਾਂਦਾ ਹੈ ਤਾਂ ਸਰਕਾਰੀ ਵਕੀਲ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰ ਸਕਦੇ ਹਨ।


Share