ਮੈਂ ਕਾਂਗਰਸ ਦੀ ਪੂਰਨਕਾਲ ਤੇ ਸਰਗਰਮ ਪ੍ਰਧਾਨ ਹਾਂ : ਸੋਨੀਆਂ ਗਾਂਧੀ

547
Share

– ਕਾਂਗਰਸ ਵਰਕਿੰਗ ਕਮੇਟੀ ਮੀਟਿੰਗ ਦੌਰਾਨ ਤਿੰਨ ਮਤੇ ਪਾਸ
– ਲਖੀਮਪੁਰ ਖੀਰੀ ਘਟਨਾ ਨਾਲ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ
ਨਵੀਂ ਦਿੱਲੀ, 16 ਅਕਤੂਬਰ (ਪੰਜਾਬ ਮੇਲ)- ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਕਾਂਗਰਸ ਦਾ ਹਰ ਮੈਂਬਰ ਚਾਹੁੰਦਾ ਹੈ ਕਿ ਪਾਰਟੀ ਸੁਰਜੀਤ ਹੋਵੇ ਪਰ ਇਸ ਲਈ ਏਕਤਾ ਤੇ ਪਾਰਟੀ ਹਿੱਤਾਂ ਨੂੰ ਸਭ ਤੋਂ ਉਪਰ ਰੱਖਣ ਦੀ ਲੋੜ ਹੈ। ਅੱਜ ਪਾਰਟੀ ਅੰਦਰ ‘ਬਗ਼ਾਵਤੀ ਸੁਰਾਂ’ ਵਾਲੇ ਗਰੁੱਪ 23 ਨੂੰ ਸਖ਼ਤ ਲਹਿਜ਼ੇ ਵਿਚ ਉਨ੍ਹਾਂ ਕਿਹਾ, ‘ਮੈਂ ਹਮੇਸ਼ਾਂ ਸਪਸ਼ਟਤਾ ਦੀ ਪ੍ਰਸ਼ੰਸਕ ਰਹੀ ਹਾਂ ਤੇ ਮੈਨੂੰ ਮੀਡੀਆ ਰਾਹੀਂ ਗੱਲ ਕਰਨ ਦੀ ਜ਼ਰੂਰਤ ਨਹੀਂ। ਆਓ ਆਪਾਂ ਸਪੱਸ਼ਟ ਚਰਚਾ ਕਰੀਏ। ਮੈਂ ਕਾਂਗਰਸ ਦੀ ਪੂਰਨਕਾਲ ਤੇ ਸਰਗਰਮ ਪ੍ਰਧਾਨ ਹਾਂ।’
ਇਸ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਨੇ ਦੇਸ਼ ਦੇ ਤਾਜ਼ਾ ਸਿਆਸੀ ਹਾਲਾਤ, ਮਹਿੰਗਾਈ ਅਤੇ ਗੰਭੀਰ ਖੇਤੀ ਸੰਕਟ ਤੇ ਕਿਸਾਨਾਂ ’ਤੇ ਹਮਲਿਆਂ ਸਬੰਧੀ ਤਿੰਨ ਮਤੇ ਪਾਸ ਕੀਤੇ। ਉਨ੍ਹਾਂ ਕਿਹਾ ਕਿ ਪਾਰਟੀ ਨੇ 30 ਜੂਨ ਤੱਕ ਕਾਂਗਰਸ ਦੇ ਨਿਯਮਤ ਪ੍ਰਧਾਨ ਦੀ ਚੋਣ ਲਈ ਰੂਪ ਰੇਖਾ ਤਿਆਰ ਕੀਤੀ ਸੀ ਪਰ ਕੋਵਿਡ ਦੀ ਦੂਜੀ ਲਹਿਰ ਕਾਰਨ ਇਸ ਦੀ ਮਿਆਦ ਅਣਮਿੱਥੇ ਸਮੇਂ ਲਈ ਵਧਾਉਣ ਪਈ ਸੀ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਵਿਚ ਹੈਰਾਨ ਕਰਨ ਵਾਲੀਆਂ ਘਟਨਾਵਾਂ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਦਰਸਾਉਂਦੀ ਹੈ ਕਿ ਉਹ ਕਿਸਾਨਾਂ ਦੇ ਵਿਰੋਧ ਨੂੰ ਕਿੰਝ ਲੈਂਦੀ ਹੈ।

Share