ਮੂਸੇਵਾਲਾ ਹੱਤਿਆ ਮਾਮਲੇ ’ਚ ਸ਼ਾਰਪਸ਼ੂਟਰਾਂ ਨੂੰ ਕਾਰ ਮੁਹੱਈਆ ਕਰਵਾਉਣ ਵਾਲਿਆਂ ਦੀ ਜੇਲ੍ਹ ’ਚ ਕੁੱਟਮਾਰ

30
Share

ਬਠਿੰਡਾ, 1 ਅਗਸਤ (ਪੰਜਾਬ ਮੇਲ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਸ਼ਾਰਪਸ਼ੂਟਰਾਂ ਨੂੰ ਕਾਰ ਮੁਹੱਈਆ ਕਰਵਾਉਣ ਵਾਲੇ ਗੈਂਗਸਟਰ ਸਰਾਜ ਮਿੰਟੂ ਉਰਫ ਸਰਾਜ ਸੰਧੂ ਤੇ ਬੌਬੀ ਮਲਹੋਤਰਾ ਉਰਫ ਸਾਗਰ ਨਾਲ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿਚ ਉਨ੍ਹਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਪੁਲਿਸ ਨੇ ਉਨ੍ਹਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਦੋ ਗੈਂਗਸਟਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਕੁੱਟਮਾਰ ਮਾਮਲੇ ਵਿਚ ਸ਼ਾਮਲ ਸਾਰੇ ਗੈਂਗਸਟਰਾਂ ਨੂੰ ਵੱਖ-ਵੱਖ ਬੈਰਕਾਂ ਵਿਚ ਭੇਜ ਦਿੱਤਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਗੈਂਗਸਟਰ ਜੋਗਿੰਦਰ ਸਿੰਘ ਤੇ ਪਲਵਿੰਦਰ ਸਿੰਘ ਨਾਲ ਕਿਸੇ ਮਾਮਲੇ ’ਤੇ ਸਰਾਜ ਮਿੰਟੂ ਤੇ ਬੌਬੀ ਮਲਹੋਤਰਾ ਦਾ ਕੁੱਝ ਦਿਨ ਪਹਿਲਾਂ ਝਗੜਾ ਹੋਇਆ ਸੀ। ਇਸ ਤੋਂ ਬਾਅਦ ਜੋਗਿੰਦਰ ਤੇ ਪਲਵਿੰਦਰ ਦਾ ਬੀਤੇ ਦਿਨੀਂ ਮਿੰਟੂ ਤੇ ਬੌਬੀ ਨਾਲ ਸਾਹਮਣਾ ਹੋਇਆ ਸੀ ਅਤੇ ਉਨ੍ਹਾਂ ਬੌਬੀ ਤੇ ਮਿੰਟੂ ਦੀ ਕੁੱਟਮਾਰ ਕੀਤੀ। ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਸੁਰਿੰਦਰ ਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਗੈਂਗਸਟਰਾਂ ਜੋਗਿੰਦਰ ਸਿੰਘ ਤੇ ਪਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ। ਪੁਲਿਸ ਨੇ ਇਨ੍ਹਾਂ ਦੋਵਾਂ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਲਈ ਵੀ ਕਾਰਵਾਈ ਆਰੰਭ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਸਰਾਜ ਮਿੰਟੂ ਤੇ ਬੌਬੀ ਮਲਹੋਤਰਾ ਨੇ ਸ਼ਾਰਪਸ਼ੂਟਰ ਮਨਪ੍ਰੀਤ ਸਿੰਘ ਉਰਫ ਮੰਨਾ ਨੂੰ ਕਰੋਲਾ ਕਾਰ ਮੁਹੱਈਆ ਕੀਤੀ ਸੀ।

Share