ਮੁਲਜ਼ਮ ਦੇ ਘਰ ਦੇ ਬਾਹਰ ਲੱਗਾ ਤਾਲਾ; ਪਰਿਵਾਰਕ ਮੈਂਬਰ ਘਰੋਂ ਗਾਇਬ
ਪੱਟੀ, 6 ਜੂਨ (ਪੰਜਾਬ ਮੇਲ)- ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਪੱਟੀ ਹਲਕੇ ਦੇ ਇੱਕ ਨੌਜਵਾਨ ਦਾ ਨਾਮ ਸਾਹਮਣੇ ਆਇਆ ਹੈ। ਸਰਹਾਲੀ ਥਾਣੇ ਅਧੀਨ ਪੈਂਦੇ ਪਿੰਡ ਜੋੜਾ ਦੇ ਜਗਰੂਪ ਸਿੰਘ ਉਰਫ ਰੂਪਾ ਦਾ ਨਾਮ ਸਾਹਮਣੇ ਆਉਣ ਮਗਰੋਂ ਸਥਾਨਕ ਮੀਡੀਆਂ ਵੱਲੋਂ ਉਸ ਦੇ ਘਰ ਤੱਕ ਪਹੁੰਚ ਕੀਤੀ ਗਈ। ਉਸ ਦੇ ਘਰ ਵਿਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਤੇ ਘਰ ਦੇ ਗੇਟ ਨੂੰ ਬਾਹਰੋਂ ਜਿੰਦਾ ਲੱਗਾ ਹੋਇਆ ਸੀ। ਸਰਹਾਲੀ ਪੁਲਿਸ ਨੇ ਵੀ ਮੂਸੇਵਾਲਾ ਦੇ ਕਤਲ ਮਗਰੋਂ ਅੱਜ ਪਹਿਲੀ ਵਾਰ ਜਗਰੂਪ ਸਿੰਘ ਦੇ ਘਰ ਪਹੁੰਚ ਕੀਤੀ ਹੈ, ਪਰ ਉਸ ਨੂੰ ਘਰ ਵਿਚ ਕੋਈ ਵਿਅਕਤੀ ਨਹੀਂ ਮਿਲਿਆ। ਪੁਲਿਸ ਸੂਤਰਾਂ ਮੁਤਾਬਕ, ਜਗਰੂਪ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ ਅੰਦਰ ਚੋਰੀ, ਲੁੱਟ-ਖੋਹ, ਡਿਕੈਤੀ ਤੇ ਨਾਜਾਇਜ਼ ਅਸਲਾ ਰੱਖਣ ਦੇ ਅੱਧੀ ਦਰਜਨ ਤੋਂ ਵੱਧ ਅਪਰਾਧਿਕ ਕੇਸ ਦਰਜ ਹਨ। ਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਤਾਰਾਂ ਪੱਟੀ ਇਲਾਕੇ ਦੇ ਪਿੰਡ ਜੋੜਾ ਨਾਲ ਕਥਿਤ ਤੌਰ ‘ਤੇ ਜੁੜਨ ਕਾਰਨ ਪੱਟੀ ਇਲਾਕਾ ਮੁੜ ਸੁਰਖ਼ੀਆਂ ਵਿਚ ਆ ਗਿਆ ਹੈ। ਇਸ ਤੋਂ ਪਹਿਲਾ ਮੁਹਾਲੀ ਅੰਦਰ ਖੁਫ਼ੀਆਂ ਵਿਭਾਗ ਦੇ ਮੁੱਖ ਦਫ਼ਤਰ ‘ਤੇ ਹੋਏ ਰਾਕੇਟ ਹਮਲੇ ਦੇ ਸਬੰਧ ਵਿਚ ਪੱਟੀ ਸ਼ਹਿਰ ਤੇ ਇਸਦੇ ਨੇੜਲੇ ਇਲਾਕੇ ਨਾਲ ਸਬੰਧਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।