ਮੂਸੇਵਾਲਾ ਕਤਲ ਮਾਮਲਾ: ਲਾਰੈਂਸ ਬਿਸ਼ਨੋਈ ਨੇ ਐੱਸ.ਆਈ.ਟੀ. ਨੂੰ ਗੋਲਡੀ ਬਰਾੜ ਦੇ ਠਿਕਾਣਿਆਂ ਦੀ ਦਿੱਤੀ ਜਾਣਕਾਰੀ

72
Share

ਐੱਸ.ਏ.ਐੱਸ. ਨਗਰ, 20 ਜੂਨ (ਪੰਜਾਬ ਮੇਲ)- ਪੰਜਾਬੀ ਗਾਇਖ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਕੋਲੋਂ ਪੁੱਛਗਿੱਛ ਕੀਤੀ ਗਈ। ਲਾਰੈਂਸ ਬਿਸ਼ਨੋਈ ਨੇ ਆਪਣੇ ਕੈਨੇਡਾ ਬੈਠੇ ਸਾਥੀ ਗੋਲਡੀ ਬਰਾੜ ਦੇ ਠਿਕਾਣਿਆਂ ਬਾਰੇ ਐੱਸ.ਆਈ.ਟੀ. ਨੂੰ ਜਾਣਕਾਰੀ ਦਿੱਤੀ ਹੈ। ਗੋਲਡੀ ਬਰਾੜ ਉਰਫ਼ ਸਤਿੰਦਰਜੀਤ ਸਿੰਘ ਇਸ ਸਮੇਂ ਕੈਨੇਡਾ ‘ਚ ਹੈ। ਇੰਟਰਪੋਲ ਵਲੋਂ ਗੋਲਡੀ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ। ਫ਼ਿਲਹਾਲ ਪੁਲਿਸ ਨੇ ਲਾਰੈਂਸ ਬਿਸ਼ਨੋਈ ਵਲੋਂ ਦੱਸੇ ਸਹੀ ਪਤੇ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹੀ ਮੂਸੇਵਾਲਾ ਨੂੰ ਮਾਰਨ ਦੀ ਸਾਜਿਸ਼ ਰਚੀ ਗਈ ਸੀ। ਉਦੋਂ 4 ਵਿਅਕਤੀ ਮਾਨਸਾ ਦੇ ਪਿੰਡ ਰੱਲਾ ਵਿਖੇ ਰਹਿ ਰਹੇ ਸਨ ਅਤੇ ਇਹ ਚਾਰੇ ਸ਼ਾਰਪ ਸ਼ੂਟਰ ਹੋ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਮਨਮੋਹਨ ਸਿੰਘ ਮੋਹਣਾ ਵਲੋਂ ਉਕਤ ਸ਼ੂਟਰਾਂ ਨੂੰ ਠਹਿਰਾਉਣ ਦਾ ਪ੍ਰਬੰਧ ਅਤੇ ਵਾਰਦਾਤ ਤੋਂ ਬਾਅਦ ਪੰਜਾਬ ਹਰਿਆਣਾ ਦੀ ਹੱਦ ਤੱਕ ਭੱਜਣ ਲਈ ਅੰਦਰੂਨੀ ਰਸਤਿਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਮੋਹਣਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਲੋਕਲ ਗੈਂਗ ਚਲਾਉਂਦਾ ਹੈ। ਉਧਰ ਐਤਵਾਰ ਨੂੰ ਕਿਸੇ ਵੀ ਵੱਡੇ ਅਧਿਕਾਰੀ ਦੀ ਸੀ.ਆਈ.ਏ. ਸਟਾਫ ਖਰੜ ਵਿਖੇ ਮੌਜੂਦਗੀ ਦਿਖਾਈ ਨਹੀਂ ਦਿੱਤੀ। ਸਿਰਫ਼ ਡਾਕਟਰਾਂ ਦੀ ਇਕ ਟੀਮ ਆਈ ਸੀ, ਜਿਨ੍ਹਾਂ ਵਲੋਂ ਲਾਰੈਂਸ ਬਿਸ਼ਨੋਈ ਦੀ ਸਿਹਤ ਦੀ ਜਾਂਚ ਕੀਤੀ ਗਈ।
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਪੰਜਾਬ ਪੁਲਿਸ ‘ਤੇ ਗੰਭੀਰ ਦੋਸ਼ ਲਾਏ ਹਨ। ਐਡਵੋਕੇਟ ਵਿਸ਼ਾਲ ਚੋਪੜਾ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ‘ਤੇ ਪੁੱਛ-ਗਿੱਛ ਦੌਰਾਨ ਥਰਡ ਡਿਗਰੀ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਨ ਕੈਮਰਾ ਪੁੱਛਗਿੱਛ ਨਹੀਂ ਕਰ ਰਹੀ। ਲਾਰੈਂਸ ਨੂੰ ਕਿਸੇ ਨਾਲ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ। ਇਸ ਦੇ ਖ਼ਿਲਾਫ਼ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਅਤੇ ਅਦਾਲਤ ‘ਚ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਜਵਾਬ ਦੇਣਾ ਪਵੇਗਾ।


Share