ਮੂਸੇਵਾਲਾ ਕਤਲ ਮਾਮਲਾ: ਕੇਂਦਰ ਤੇ ਪੰਜਾਬ ਸਰਕਾਰ ਗੋਲਡੀ ਬਰਾੜ ਦੇ ਹਵਾਲਗੀ ਕੇਸ ਨੂੰ ਮਜ਼ਬੂਤ ਬਣਾਉਣ ‘ਚ ਜੁਟੀ

38

ਚੰਡੀਗੜ੍ਹ, 5 ਦਸੰਬਰ (ਪੰਜਾਬ ਮੇਲ)- ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਸਾਜਿਸ਼ਘਾੜੇ ਗੈਂਗਸਟਰ ਗੋਲਡੀ ਬਰਾੜ ਦੀ ਭਾਰਤ ਹਵਾਲਗੀ ਲਈ ਕੇਂਦਰ ਅਤੇ ਪੰਜਾਬ ਸਰਕਾਰ ਪੂਰੀ ਤਿਆਰੀ ‘ਚ ਜੁੱਟ ਗਈ ਹੈ। ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਦਰਮਿਆਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਤੋਂ ਉਸ ਦਾ ਨਵਾਂ ਡੋਜ਼ੀਅਰ ਮੰਗਿਆ ਹੈ। ਪਹਿਲੇ ਪੜਾਅ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਗੋਲਡੀ ਬਰਾੜ ਦੇ ਖ਼ਿਲਾਫ਼ ਦਰਜ ਕੇਸਾਂ ਦਾ ਪੂਰਾ ਬਿਓਰਾ ਮੰਗਿਆ ਹੈ, ਤਾਂਕਿ ਹਵਾਲਗੀ ਲਈ ਜਦ ਅਮਰੀਕਾ ‘ਚ ਟਰਾਇਲ ਚੱਲੇ, ਤਾਂ ਉਥੇ ਭਾਰਤ ਸਰਕਾਰ ਕਮਜ਼ੋਰ ਨਾ ਪਵੇ। ਇਸ ਤੋਂ ਇਲਾਵਾ ਸਰਕਾਰ ਕੇਸਾਂ ਨੂੰ ਮਜ਼ਬੂਤੀ ਨਾਲ ਰੱਖਣ ਦੇ ਲਈ ਮਾਹਰਾਂ ਨਾਲ ਵੀ ਵਿਚਾਰ-ਵਟਾਂਦਰਾ ਕਰ ਰਹੀ ਹੈ। ਮਾਹਰਾਂ ਦੀ ਮੰਨੀਏ ਤਾਂ ਹਵਾਲਗੀ ਦਾ ਕੇਸ ਕਾਫੀ ਅਹਿਮ ਹੁੰਦਾ ਹੈ। ਇਸ ਕੇਸ ਵਿਚ ਭਾਰਤੀ ਏਜੰਸੀਆਂ ਨੂੰ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਾ ਹੋਵੇਗਾ। ਇਸ ਸਬੰਧ ‘ਚ ਮਜ਼ਬੂਤੀ ਨਾਲ ਸਾਰੇ ਸਬੂਤ ਵੀ ਰੱਖਣੇ ਪੈਂਦੇ ਹਨ। ਅਜਿਹੇ ਵਿਚ ਪੁਲਿਸ ਦੇ ਮਾਹਰ ਉਨ੍ਹਾਂ ਸਾਰੇ ਕੇਸਾਂ ਦੀ ਵੀ ਸਟੱਡੀ ਕਰ ਰਹੇ ਹਨ, ਤਾਂਕਿ ਉਕਤ ਅਪਰਾਧੀ ਨੂੰ ਪਹਿਲ ਦੇ ਆਧਾਰ ‘ਤੇ ਭਾਰਤ ਲਿਆਇਆ ਜਾ ਸਕੇ।