ਮੁੱਖ ਸਕੱਤਰ ਦੇ ਮਾਮਲੇ ਨੂੰ ਠੰਢੇ ਬਸਤੇ ‘ਚ ਪਾਉਣ ਦੇ ਰੌਂਅ ‘ਚ ਕੈਪਟਨ ਅਮਰਿੰਦਰ ਸਿੰਘ

899

-ਕਾਂਗਰਸੀ ਵਿਧਾਇਕ ਤੇ ਵਜ਼ੀਰ ਅੰਦਰਖਾਤੇ ਲਾਮਬੰਦ ਹੋਣ ਲੱਗੇ
ਚੰਡੀਗੜ੍ਹ, 16 ਮਈ (ਪੰਜਾਬ ਮੇਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਮੁੱਖ ਸਕੱਤਰ ਦੇ ਮਾਮਲੇ ਨੂੰ ਠੰਢੇ ਬਸਤੇ ‘ਚ ਪਾਉਣ ਦੇ ਰੌਂਅ ‘ਚ ਜਾਪਦੇ ਹਨ, ਜਿਸ ਕਰਕੇ ਕਾਂਗਰਸੀ ਵਿਧਾਇਕ ਤੇ ਵਜ਼ੀਰ ਅੰਦਰਖਾਤੇ ਲਾਮਬੰਦ ਹੋਣ ਲੱਗੇ ਹਨ। ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਦੇ ਕਰੀਬ ਇੱਕ ਹਫ਼ਤੇ ਮਗਰੋਂ ਵੀ ਹਾਲੇ ਤੱਕ ਮੁੱਖ ਸਕੱਤਰ ਦੇ ਮਾਮਲੇ ‘ਤੇ ਕੋਈ ਪੱਤਾ ਨਹੀਂ ਖੋਲ੍ਹਿਆ ਹੈ। ਦੱਸਣਯੋਗ ਹੈ ਕਿ ਵਜ਼ੀਰਾਂ ਨੇ 8 ਮਈ ਦੀ ਮੀਟਿੰਗ ਵਿਚ ਮੁੱਖ ਸਕੱਤਰ ਖ਼ਿਲਾਫ਼ ਮਤਾ ਪਾਸ ਕਰ ਦਿੱਤਾ ਸੀ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਦੀ ਕਾਰਵਾਈ ਰਿਪੋਰਟ ‘ਤੇ ਤਿੰਨ ਦਿਨ ਪਹਿਲਾਂ ਮੋਹਰ ਲਾ ਦਿੱਤੀ ਹੈ ਪਰ ਕੈਬਨਿਟ ਮੀਟਿੰਗ ਦੀ ਕਾਰਵਾਈ ਰਿਪੋਰਟ ‘ਚੋਂ ਮੁੱਖ ਸਕੱਤਰ ਖ਼ਿਲਾਫ਼ ਪਾਏ ਮਤੇ ਦੀ ਮੱਦ ਗਾਇਬ ਦੱਸੀ ਜਾ ਰਹੀ ਹੈ। ਕਾਰਵਾਈ ਰਿਪੋਰਟ ‘ਚ ਸਿਰਫ਼ ਆਬਕਾਰੀ ਮੁੱਦੇ ‘ਤੇ ਫੈਸਲਾ ਲੈਣ ਦੇ ਸਭ ਅਧਿਕਾਰ ਮੁੱਖ ਮੰਤਰੀ ਨੂੰ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ। ਬਹੁਤੇ ਵਜ਼ੀਰ ਹੁਣ ਕੈਬਨਿਟ ਦੀ ਅਗਲੀ ਮੀਟਿੰਗ ਉਡੀਕਣ ਲੱਗੇ ਹਨ ਤਾਂ ਜੋ ਪਿਛਲੀ ਮੀਟਿੰਗ ਵਿਚ ਮੁੱਖ ਸਕੱਤਰ ਖ਼ਿਲਾਫ਼ ਪਾਏ ਮਤੇ ਦੇ ਰਿਕਾਰਡ ‘ਤੇ ਆਉਣ ਦੀ ਪੁਸ਼ਟੀ ਕਰ ਲੈਣ।
ਵਜ਼ੀਰਾਂ ਨੂੰ ਖ਼ਦਸ਼ਾ ਹੈ ਕਿ ਮੁੱਖ ਸਕੱਤਰ ਖ਼ਿਲਾਫ਼ ਮਾਮਲੇ ਨੂੰ ਕੈਬਨਿਟ ਮੀਟਿੰਗ ਦੇ ਰਿਕਾਰਡ ਤੋਂ ਲਾਂਭੇ ਕੀਤਾ ਜਾ ਸਕਦਾ ਹੈ। ਸੂਤਰ ਆਖਦੇ ਹਨ ਕਿ ਸੰਭਵ ਹੈ ਕਿ ਕਾਰਵਾਈ ਰਿਪੋਰਟ ‘ਚ ਸਮੁੱਚੀ ਕੈਬਨਿਟ ਦੀ ਥਾਂ ਸਿਰਫ਼ ਤਿੰਨ ਵਜ਼ੀਰਾਂ ਦਾ ਵਿਰੋਧ ਹੀ ਦਰਜ ਕੀਤਾ ਗਿਆ ਹੋਵੇਗਾ। ਕੈਬਨਿਟ ਮੰਤਰੀ ਪਿਛਲੀ ਮੀਟਿੰਗ ਦੀ ਕਾਰਵਾਈ ਦੇਖਣ ਲਈ ਕਾਹਲੇ ਹਨ। ਉਸ ਮਗਰੋਂ ਹੀ ਮੁੱਖ ਸਕੱਤਰ ਖ਼ਿਲਾਫ਼ ਕਾਰਵਾਈ ਲਈ ਚੁੱਕੇ ਗਏ ਕਦਮਾਂ ਦਾ ਮਾਮਲਾ ਉੱਠੇਗਾ। ਮੁੱਖ ਸਕੱਤਰ ਖ਼ਿਲਾਫ਼ ਵਜ਼ੀਰਾਂ ਤੋਂ ਇਲਾਵਾ ਦਰਜਨਾਂ ਵਿਧਾਇਕ ਪਹਿਲਾਂ ਹੀ ਵਿਰੋਧ ਦਰਜ ਕਰਾ ਚੁੱਕੇ ਹਨ। ਵਜ਼ੀਰ ਅਤੇ ਵਿਧਾਇਕ ਇਸ ਮਾਮਲੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਤੌਰ ‘ਤੇ ਮਿਲਣਾ ਚਾਹੁੰਦੇ ਹਨ ਪਰ ਕੋਈ ਅੱਗੇ ਆਉਣ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੁੱਖ ਸਕੱਤਰ ਦੇ ਮਾਮਲੇ ‘ਚ ਪੂਰੀ ਤਰ੍ਹਾਂ ਵਜ਼ੀਰਾਂ ਨਾਲ ਖੜ੍ਹੇ ਹਨ। ਅੰਦਰੋਂ-ਅੰਦਰੀਂ ਇਹ ਮਾਮਲਾ ਕਾਂਗਰਸ ਹਾਈ ਕਮਾਂਡ ਕੋਲ ਵੀ ਪੁੱਜਦਾ ਕੀਤਾ ਜਾ ਰਿਹਾ ਹੈ। ਕੁਝ ਵਿਧਾਇਕਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਰੌਂਅ ਤੋਂ ਸਾਫ਼ ਹੈ ਕਿ ਉਹ ਅਫ਼ਸਰਸ਼ਾਹੀ ਦੇ ਪੱਖ ਵਿਚ ਝੁਕਦੇ ਨਜ਼ਰ ਆ ਰਹੇ ਹਨ।