ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਮੁੜ ਕੰਮ ਕੀਤਾ ਸ਼ੁਰੂ

683
Share

-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਕਰ ਦਿੱਤਾ ਸੀ ਰੱਦ
ਚੰਡੀਗੜ੍ਹ, 25 ਜੁਲਾਈ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਅਸਤੀਫੇ ਦੀਆਂ ਖ਼ਬਰਾਂ ਵਿਚਾਲੇ ਮੁੜ ਕੰਮ ਸ਼ੁਰੂ ਕਰ ਦਿੱਤਾ ਹੈ। ਸਰਕਾਰੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਅਸਤੀਫ਼ਾ ਰੱਦ ਕਰ ਦਿੱਤਾ ਸੀ ਤੇ ਇਸ ਫੈਸਲੇ ਦੀ ਜਾਣਕਾਰੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਕੁਮਾਰ ਨੂੰ ਦੇ ਦਿੱਤੀ ਸੀ। ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਕੁਮਾਰ ਨੇ 15 ਜੁਲਾਈ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਸੀ ਕਿਉਂਕਿ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਆਪਣੇ ਕੇਸ ਦੀ ਅਸਰਦਾਰ ਢੰਗ ਨਾਲ ਪੈਰਵੀ ਨਾ ਹੋਣ ਕਾਰਨ ਕਾਨੂੰਨੀ ਵਿਭਾਗ ਤੋਂ ਨਾਰਾਜ਼ ਸਨ। ਉਨ੍ਹਾਂ ਦੀ ਨਿਯੁਕਤੀ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਗਈ ਹੈ। ਅਸਤੀਫਾ ਦੇਣ ਤੋਂ ਬਾਅਦ, ਉਨ੍ਹਾਂ ਆਪਣਾ ਨਿੱਜੀ ਸਟਾਫ ਤੇ ਵਾਹਨ ਵਾਪਸ ਕਰ ਦਿੱਤੇ ਸਨ ਅਤੇ ਉਹ ਕਿਸੇ ਵੀ ਮੀਟਿੰਗ ਅਤੇ ਸਰਕਾਰੀ ਕੰਮ ਵਿਚ ਸ਼ਾਮਲ ਨਹੀਂ ਹੋ ਰਹੇ ਸਨ। ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਕੁਮਾਰ ਨੂੰ ਮਨਾਉਣ ਲਈ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।


Share