ਮੁੱਖ ਮੰਤਰੀ ਚੰਨੀ ਵੱਲੋਂ 5.50 ਰੁਪਏ ਫੁੱਟ ਕਰਨ ਦਾ ਐਲਾਨ ਸਿਰਫ਼ ਐਲਾਨ ਤੱਕ ਹੀ ਸੀਮਤ!

294
Share

-ਆਮ ਆਦਮੀ ਨੂੰ ਹਾਲੇ ਵੀ 15 ਤੋਂ 25 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਮਿਲ ਰਿਹੈ ਰੇਤਾ
-ਬਹੁਤੀਆਂ ਖੱਡਾਂ ’ਚੋਂ 7.50 ਰੁਪਏ ਪ੍ਰਤੀ ਫੁੱਟ ਤੋਂ ਵੱਧ ਮਿਲ ਰਿਹੈ ਰੇਤਾ
ਲੁਧਿਆਣਾ, 25 ਨਵੰਬਰ (ਪੰਜਾਬ ਮੇਲ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ’ਚ ਭਾਵੇਂ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਦੇਣ ਦਾ ਐਲਾਨ ਕੀਤਾ ਗਿਆ ਸੀ, ਇਹ ਐਲਾਨ ਸਿਰਫ਼ ਐਲਾਨ ਹੀ ਰਹਿ ਗਿਆ ਹੈ ਕਿਉਂਕਿ ਰੇਤਾ 5.50 ਰੁਪਏ ਫੁੱਟ ਦੀ ਬਜਾਏ 7.50 ਰੁਪਏ ਪ੍ਰਤੀ ਫੁੱਟ ਤੋਂ ਵੱਧ ਮਿਲ ਰਿਹਾ ਹੈ। ਰੇਤਾ ਦਾ ਕਾਰੋਬਾਰ ਕਰਨ ਵਾਲਿਆਂ, ਰੇਤ ਦੀ ਖੱਡ ’ਚ ਕੰਮ ਕਰਨ ਵਾਲੇ ਕਰਿੰਦੇ ਤੇ ਹੋਰ ਧਿਰਾਂ ਨਾਲ ਗੱਲਬਾਤ ਕਰਨ ਤੋਂ ਕਈ ਸਨਸਨੀਖੇਜ਼ ਖੁਲਾਸੇ ਸਾਹਮਣੇ ਆਏ ਹਨ।
ਪੰਜਾਬ ’ਚ ਮੁੱਖ ਮੰਤਰੀ ਦੇ ਐਲਾਨ ਅਨੁਸਾਰ 5.50 ਰੁਪਏ ਪ੍ਰਤੀ ਫੁੱਟ ਦੀ ਬਜਾਏ ਰੇਤਾ 7.50 ਰੁਪਏ ਪ੍ਰਤੀ ਫੁੱਟ ਤੋਂ ਵੱਧ ਮਿਲ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ 5.50 ਰੁਪਏ ਪ੍ਰਤੀ ਫੁੱਟ ਰੇਤ ਦੇਣ ਵਾਲੀ ਖੱਡ ਦਾ ਪਤਾ ਨਹੀਂ ਮਿਲ ਰਿਹਾ। ਕਈ ਖੱਡਾਂ ’ਚ ਰੇਤ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਦੇਣ ਤੋਂ ਬਾਅਦ ਜੀ.ਐੱਸ.ਟੀ. ਦੇ ਨਾਂ ’ਤੇ 500 ਰੁਪਏ ਤੇ ਭਰਾਈ ਦੇ ਵੱਖਰੇ ਪੈਸੇ ਵਸੂਲੇ ਜਾ ਰਹੇ ਹਨ, ਜਿਸ ਕਰਕੇ ਰੇਤ ਦਾ ਭਾਅ 7.50 ਰੁਪਏ ਪ੍ਰਤੀ ਫੁੱਟ ਤੋਂ ਵੱਧ ਪੈ ਰਿਹਾ ਹੈ। 7.50 ਰੁਪਏ ਪ੍ਰਤੀ ਫੁੱਟ ਰੇਤ ਤੋਂ ਬਾਅਦ ਵਾਹਨ ਦਾ ਖ਼ਰਚ ਲੱਗ ਰਿਹਾ ਹੈ। ਸਰਕਾਰ ਜਾਂ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਦੇ ਰੇਤ ਦੀਆਂ ਖੱਡਾਂ ਲੈਣ ਵਾਲੇ ਕਾਰੋਬਾਰੀਆਂ ਨਾਲ ਚੰਗੇ ਸੰਬੰਧ ਹਨ, ਜਿਸ ਕਰਕੇ ਕਿਸੇ ਵੀ ਖੱਡ ਵਾਲੇ ਖਿਲਾਫ਼ ਕਾਰਵਾਈ ਕਰਨ ਤੋਂ ਹਮੇਸ਼ਾ ਟਾਲਾ ਵੱਟਿਆ ਜਾ ਰਿਹਾ ਹੈ। ਰੇਤ ਦੀ ਖੱਡ ’ਤੇ ਕਿਸੇ ਵਾਹਨ ’ਚ ਕਿੰਨਾ ਫੁੱਟ ਰੇਤਾ ਭਰਿਆ ਜਾ ਰਿਹਾ ਹੈ, ਉਸ ਦੀ ਕੋਈ ਵੀ ਰਸੀਦ ਨਹੀਂ ਦਿੱਤੀ ਜਾਂਦੀ ਤੇ ਕਈ ਖੱਡਾਂ ’ਤੇ ਜੀ.ਐੱਸ.ਟੀ. ਦੇ ਨਾਂ ’ਤੇ ਬਿਨਾਂ ਬਿੱਲ ਦਿੱਤੇ ਵਸੂਲੀ ਕੀਤੀ ਜਾ ਰਹੀ ਹੈ। ਰੇਤਾ ਦਾ ਕਾਰੋਬਾਰ ਕਰਨ ਵਾਲਿਆਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹਨ ਕਿ ਕਿਸੇ ਆਮ ਵਿਅਕਤੀ ਨੂੰ ਰੇਤ ਦੀ ਖੱਡ ’ਚ ਦਾਖ਼ਲ ਹੀ ਨਹੀਂ ਹੋਣ ਦਿੱਤਾ ਜਾਂਦਾ। ਪੰਜਾਬ ’ਚ ਰੇਤ ਦਾ ਭਾਅ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਦੇਣ ਦੇ ਐਲਾਨ ਤੋਂ ਬਾਅਦ ਰੇਤ ਦਾ ਕਾਰੋਬਾਰ ਕਰਨ ਵਾਲੇ ਖੱਡਾਂ ਦੇ ਠੇਕੇਦਾਰਾਂ ਨੇ ਆਪਣੇ ਪੱਕੇ ਗਾਹਕਾਂ ਨੂੰ ਹੀ ਰੇਤ ਵੇਚਣ ਦੀ ਸ਼ੁਰੂਆਤ ਕਰ ਦਿੱਤੀ ਹੈ, ਜਦਕਿ ਆਮ ਵਿਅਕਤੀ ਜਾਂ ਨਵੇਂ ਵਾਹਨ ਚਾਲਕਾਂ ਨੂੰ ਰੇਤ ਨਹੀਂ ਦਿੱਤੀ ਜਾ ਰਹੀ। ਰੇਤ ਦੇ ਭਾਅ ਘਟਾਉਣ ਤੋਂ ਬਾਅਦ ਕਈ ਖੱਡਾਂ ’ਚੋਂ ਰੇਤ ਕੱਢਣ ’ਤੇ ਰੋਕ ਲੱਗ ਗਈ ਹੈ, ਜਿਸ ਕਰਕੇ ਆਉਣ ਵਾਲੇ ਸਮੇਂ ’ਚ ਰੇਤ ਦੀ ਕਿੱਲਤ ਪੈਦਾ ਹੋ ਸਕਦੀ ਹੈ। ਰੇਤ ਦੀ ਖੱਡ ’ਚ 7.50 ਰੁਪਏ ਪ੍ਰਤੀ ਫੁੱਟ ਰੇਤ ਤੋਂ ਬਾਅਦ ਵਾਹਨ ਖ਼ਰਚ ਤੋਂ ਬਾਅਦ ਪਿੰਡਾਂ ’ਚੋਂ ਲੰਘਣ ਵਾਲੇ ਵਾਹਨਾਂ ਤੋਂ ਵੱਖ-ਵੱਖ ਕਮੇਟੀਆਂ ਵੱਲੋਂ ਪਰਚੀ ਕਟਵਾਈ ਜਾਂਦੀ ਹੈ। ਰੇਤ ਦੀ ਖੱਡ ਤੋਂ ਲੈ ਕੇ ਆਮ ਆਦਮੀ ਦੇ ਘਰ ਤੱਕ ਰੇਤ 15 ਤੋਂ 25 ਰੁਪਏ ਪ੍ਰਤੀ ਫੁੱਟ ਪੁੱਜ ਰਹੀ ਹੈ। ਨਿਰਮਾਣ ਕਾਰਜਾਂ ’ਚ ਲੱਗੇ ਕਈ ਵਿਅਕਤੀਆਂ ਨਾਲ ਗੱਲਬਾਤ ਕਰਨ ’ਤੇ ਪਤਾ ਲੱਗਿਆ ਹੈ ਕਿ ਰੇਤ ਪਹਿਲਾਂ ਵੀ 25 ਰੁਪਏ ਫੁੱਟ ਮਿਲਦੀ ਸੀ ਤੇ ਹੁਣ ਵੀ 25 ਰੁਪਏ ਪ੍ਰਤੀ ਫੁੱਟ ਹੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪਰ 5.50 ਰੁਪਏ ਪ੍ਰਤੀ ਫੁੱਟ ਦਾ ਐਲਾਨ ਹੋਣ ਤੋਂ ਬਾਅਦ ਜਿਹੜਾ ਰੇਤਾ ਕੁਝ ਘੰਟੇ ਬਾਅਦ ਮਿਲ ਜਾਂਦਾ ਸੀ, ਹੁਣ ਇਕ ਜਾਂ 2 ਦਿਨ ਬਾਅਦ ਮਿਲਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਐਲਾਨ ਨਾਲ ਰੇਤ ਸਸਤੀ ਨਹੀਂ ਮਿਲ ਰਹੀ, ਸਗੋਂ ਜੇਕਰ ਹਾਲਾਤ ਇਹੀ ਰਹੇ ਤਾਂ ਆਉਣ ਵਾਲੇ ਦਿਨਾਂ ’ਚ ਰੇਤ ਦੀ ਕਿੱਲਤ ਜ਼ਰੂਰ ਪੈਦਾ ਹੋ ਜਾਵੇਗੀ, ਜਿਸ ਨਾਲ ਰੇਤ ਦੀ ਕੀਮਤ ’ਚ ਵਾਧਾ ਹੋਵੇਗਾ।

Share