ਮੁੰਬਈ ਬੰਬ ਧਮਾਕਿਆਂ ਦੇ ਸਾਜਿਸ਼ਘਾੜੇ ਦਾਊਦ ਦੀ ਕਰੋਨਾ ਨਾਲ ਮੌਤ ਬਾਰੇ ਅਟਕਲਾਂ!

769
Share

ਅੰਮ੍ਰਿਤਸਰ, 8 ਜੂਨ (ਪੰਜਾਬ ਮੇਲ)-ਪਾਕਿਸਤਾਨ ਦੇ ਕਰਾਚੀ ਸ਼ਹਿਰ ‘ਚ ਰਹਿ ਰਹੇ ਸਾਲ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਸਾਜਿਸ਼ਘਾੜੇ ਦਾਊਦ ਇਬਰਾਹੀਮ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਜਾਣ ਬਾਰੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ ਅਤੇ ਨਾ ਹੀ ਪਾਕਿ ਸਰਕਾਰ ਵਲੋਂ ਇਸ ਦੀ ਪੁਸ਼ਟੀ ਕੀਤਾ ਜਾਣਾ ਸੰਭਵ ਹੀ ਵਿਖਾਈ ਦੇ ਰਿਹਾ ਹੈ ਕਿਉਂਕਿ ਪਾਕਿ ਹਮੇਸ਼ਾ ਤੋਂ ਭਾਰਤ ਸਰਕਾਰ ਦੇ ਇਸ ਦਾਅਵੇ ਨੂੰ ਨਕਾਰਦਾ ਰਿਹਾ ਹੈ ਕਿ ਭਾਰਤ ਦਾ ਭਗੌੜਾ ਅੱਤਵਾਦੀ ਦਾਊਦ ਇਬਰਾਹੀਮ ਪਾਕਿ ਦੇ ਕਰਾਚੀ ਸ਼ਹਿਰ ‘ਚ ਭਾਰੀ ਸੁਰੱਖਿਆ ਹੇਠ ਪਰਿਵਾਰ ਸਮੇਤ ਰਹਿ ਰਿਹਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸੂਤਰਾਂ ਦੇ ਹਵਾਲੇ ਨਾਲ ਦਾਊਦ ਅਤੇ ਉਸ ਦੀ ਪਤਨੀ ਮਹਿਜਬੀਨ ਉਰਫ਼ ਜ਼ੁਬੀਨਾ ਜ਼ਰੀਨ ਦੀ ਕੋਰੋਨਾਵਾਇਰਸ ਰਿਪੋਰਟ ਪਾਜ਼ੀਟਿਵ ਆਉਣ ਬਾਰੇ ਜਾਣਕਾਰੀ ਮਿਲੀ ਸੀ। ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੋਵਾਂ ਨੂੰ ਇਲਾਜ ਲਈ ਕਰਾਚੀ ਦੇ ਇਕ ਮਿਲਟਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਅਤੇ ਦਾਊਦ ਦੇ ਸੁਰੱਖਿਆ ਗਾਰਡਾਂ ਅਤੇ ਹੋਰ ਸਟਾਫ਼ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਉਧਰ ਦਾਊਦ ਇਬਰਾਹੀਮ ਦੇ ਕੋਰੋਨਾ ਪੀੜਤ ਹੋਣ ਅਤੇ ਮਾਰੇ ਜਾਣ ਦੀਆਂ ਰਿਪੋਰਟਾਂ ਨੂੰ ਉਸ ਦੇ ਭਰਾ ਅਨੀਸ ਇਬਰਾਹੀਮ ਨੇ ਰੱਦ ਕਰਦਿਆਂ ਦਾਅਵਾ ਕੀਤਾ ਕਿ ਉਸ ਦੇ ਭਰਾ ਸਮੇਤ ਪਰਿਵਾਰ ਦੇ ਸਾਰੇ ਮੈਂਬਰ ਤੰਦਰੁਸਤ ਹਨ ਅਤੇ ਕੋਈ ਵੀ ਹਸਪਤਾਲ ‘ਚ ਦਾਖਲ ਨਹੀਂ ਹੈ।


Share