ਮੁੰਡਕਾ ਮੈਟਰੋ ਸਟੇਸ਼ਨ ਨਜ਼ਦੀਕ ਇਮਾਰਤ ਨੂੰ ਅੱਗ; 27 ਮੌਤਾਂ; 10 ਗੰਭੀਰ ਜ਼ਖ਼ਮੀ

25
Share

ਨਵੀਂ ਦਿੱਲੀ, 13 ਮਈ (ਪੰਜਾਬ ਮੇਲ)- ਇਥੋਂ ਦੇ ਮੁੰਡਕਾ ਮੈਟਰੋ ਸਟੇਸ਼ਨ ਨਜ਼ਦੀਕ ਇੱਕ ਇਮਾਰਤ ਨੂੰ ਅੱਜ ਅੱਗ ਲੱਗ ਗਈ ਜਿਸ ਕਾਰਨ 27 ਜਣਿਆਂ ਦੀ ਮੌਤ ਹੋ ਗਈ। ਦਿੱਲੀ ਦੇ ਫਾਇਰ ਡਾਇਰੈਕਟਰ ਅਤੁਲ ਗਰਗ ਨੇ ਇਕ ਅਖਬਾਰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿ ਅੱਗ ਦੀ ਭੇਟ ਚੜ੍ਹੀ ਇਮਾਰਤ ਵਿਚੋਂ ਹੁਣ ਤਕ 27 ਮ੍ਰਿਤਕ ਦੇਹਾਂ ਮਿਲ ਚੁੱਕੀਆਂ ਹਨ ਤੇ 10 ਜਣਿਆਂ ਦੀ ਹਾਲਤ ਗੰਭੀਰ ਹੈ। ਇਹ ਵੀ ਪਤਾ ਲੱਗਾ ਹੈ ਕਿ ਅੱਗ ਬੁਝਣ ਤੋਂ ਬਾਅਦ ਫੇਰ ਭੜਕ ਪਈ। ਇਸ ਮੌਕੇ ਐਨਡੀਆਰਐਫ ਟੀਮ ਵੀ ਘਟਨਾ ਸਥਾਨ ’ਤੇ ਪੁੱਜ ਗਈ ਹੈ।  ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਗ ਹਾਦਸੇ ਵਿਚ ਮੌਤਾਂ ਹੋਣ ’ਤੇ ਦੁੱਖ ਪ੍ਰਗਟ ਕੀਤਾ ਹੈ। ਇਹ ਪਤਾ ਲੱਗਾ ਹੈ ਕਿ ਇਮਾਰਤ ਵਿਚ ਨਿਕਾਸੀ ਲਈ ਵੱਖਰਾ ਰਸਤਾ ਨਹੀਂ ਸੀ ਜਿਸ ਕਾਰਨ ਬਚਾਅ ਕਾਰਜ ਚਲਾਉਣ ਵਿਚ ਸਮੱਸਿਆ ਆਈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗ ਨਾਲ ਮਰਨ ਵਾਲੇ ਹਰ ਮ੍ਰਿਤਕ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਦੇ ਮਾਲਕ ਹਰੀਸ਼ ਗੋਇਲ ਤੇ ਵਰੁਣ ਗੋਇਲ ਨੂੰ ਹਿਰਾਸਤ ਵਿਚ ਲਿਆ ਗਿਆ ਹੈ।  ਜਾਣਕਾਰੀ ਮਿਲੀ ਹੈ ਕਿ ਅੱਗ ਸ਼ਾਮ ਪੌਣੇ ਪੰਜ ਵਜੇ ਦੇ ਕਰੀਬ ਲੱਗੀ। ਫਾਇਰ ਬ੍ਰਿਗੇਡ ਅਮਲੇ ਤੇ ਪੁਲੀਸ ਨੇ 27 ਜਣਿਆਂ ਦੀਆਂ ਮ੍ਰਿਤਕਾਂ ਦੇਹਾਂ ਬਰਾਮਦ ਕਰ ਲਈਆਂ ਹਨ। ਇਸ ਇਮਾਰਤ ਵਿਚ ਕਮਰਸ਼ੀਅਲ ਅਦਾਰੇ ਹਨ ਤੇ ਵੱਖ-ਵੱਖ ਕੰਪਨੀਆਂ ਨੂੰ ਦਫਤਰੀ ਕੰਮ ਲਈ ਕਿਰਾਏ ’ਤੇ ਥਾਂ ਦਿੱਤੀ ਹੋਈ ਹੈ। ਪੁਲੀਸ ਅਨੁਸਾਰ ਅੱਗ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ ਜਿਥੇ ਸੀਸੀਟੀਵੀ ਤੇ ਰਾਊਟਰ ਨਿਰਮਾਣ ਕੰਪਨੀ ਹੈ। ਪੁਲੀਸ ਨੇ ਇਸ ਕੰਪਨੀ ਦੇ ਪ੍ਰਬੰਧਕ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਡਕਾ ਅਗਨੀ ਕਾਂਡ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਰੱਖਿਆ ਮੰਤਰੀ ਰਾਜਨਾਥ ਸਿੰਘ, ਲੋਕ ਸਭਾ ਸਪੀਕਰ ਓਮ ਬਿਰਲਾ ਤੇ ਹੋਰਨਾਂ ਨੇ ਵੀ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ।


Share