ਮੁੜ ਭਾਜਪਾ ‘ਚ ਜਾਣ ਲਈ ਤਿਆਰ ਸਿੱਧੂ!

549
Share

ਮਾਨਸਾ, 6 ਅਗਸਤ (ਪੰਜਾਬ ਮੇਲ)-  ਪੰਜਾਬ ਦੀ ਸਿਆਸਤ ਵਿਚ ਵੱਡੇ ਬਦਲਾਅ ਦੇ ਸੰਕੇਤ ਮਿਲ ਰਹੇ ਹਨ। ਪਿਛਲੇ ਕਾਫੀ ਸਮੇਂ ਤੋਂ ਖਾਮੋਸ਼ ਸਾਬਕਾ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇਹ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਖੁਦ ਅਤੇ ਪਤੀ ਦੇ ਭਾਜਪਾ ਵਿਚ ਵਾਪਸੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਦੇਵੇ ਤਾਂ ਪਾਰਟੀ ਵਿਚ ਵਾਪਸੀ ‘ਤੇ ਵਿਚਾਰ ਕਰ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਵੀ ਸ਼ਲਾਘਾ ਕੀਤੀ।

ਉਹ ਮਾਨਸਾ ਦੇ ਭੀਖੀ ਵਿਚ ਡੇਰਾ ਬਾਬਾ ਬਲਵੰਤ ਮੁਨੀ ਜੀ ਵਿਚ ਨਤਮਸਤਕ ਹੋਈ ਅਤੇ ਡੇਰੇ ਦੇ ਗੱਦੀਨਸ਼ੀਨ ਬਾਬਾ ਦਰਸ਼ਨ ਮੁਨੀ ਜੀ ਕੋਲੋਂ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿੰਦੀ ਸੀ ਅਤੇ ਅੱਜ ਵੀ ਅਪਣੇ ਉਸੇ ਸਟੈਂਡ ‘ਤੇ ਕਾਇਮ ਹੈ ਜੇਕਰ ਭਾਜਪਾ ਅਕਾਲੀ ਦਲ ਦਾ ਸਾਥ ਛੱਡ ਦੇਵੇ ਤਾਂ ਵਾਪਸੀ ਦੇ ਬਾਰੇ ਵਿਚ ਸੋਚਿਆ ਜਾ ਸਕਦਾ ਹੈ।
ਨਵਜੋਤ ਕੌਰ ਨੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜਦ ਦਿੱਲੀ ਵਿਚ ਸੱਤਾ ਵਿਚ ਆਏ ਸੀ ਤਾਂ  ਉਨ੍ਹਾਂ ਨੇ  ਅਪਣੀ ਸਿਹਤ ਪਾਲਿਸੀ ਅਰਵਿੰਦ ਕੇਜਰੀਵਾਲ ਕੋਲ ਰੱਖੀ। ਇਸ ਨੂੰ ਮੰਨ ਕੇ ਕੇਜਰੀਵਾਲ  ਨੇ ਦਿੱਲੀ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਅਤੇ ਇਸ ਦੇ ਜ਼ਰੀਏ ਉਨ੍ਹਾਂ ਨੇ ਉਥੇ ਸਿਹਤ ਸੇਵਾਵਾਂ ਵਿਚ ਚਮਤਕਾਰੀ ਸੁਧਾਰ ਕੀਤੇ।
ਅਪਣੇ ਪਤੀ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਅਤੇ ਕਾਂਗਰਸ ਵਿਚ ਭੂਮਿਕਾ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ, ਉਨ੍ਹਾਂ ਨੇ ਬਾਖੂਬੀ ਨਿਭਾਇਆ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ  ਇਕੱਲੇ ਅਜਿਹੇ ਵਿਧਾਇਕ ਹਨ  ਜਿਨ੍ਹਾਂ ਨੇ ਲਾਕਡਾਊਨ  ਦੌਰਾਨ ਅਪਣੀ ਜੇਬ ਤੋਂ ਕਰੋੜਾਂ  ਰੁਪਏ ਖ਼ਰਚ ਕਰਕੇ ਜ਼ਰੂਰਤਮੰਦ ਪਰਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ।
ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਮਾਮਲੇ ‘ਤੇ ਡਾ. ਸਿੱਧੂ ਨੇ ਕਿਹਾ ਕਿ ਦੋਸ਼ੀ ਕੋਈ ਵੀ ਹੋਵੇ, ਉਸ ਨੂੰ ਗ੍ਰਿਫਤਾਰ ਕਰਕੇ ਉਸ ਦੀ ਜਾਇਦਾਦ ਜਬਤ ਕਰਨੀ ਚਾਹੀਦੀ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਵਾਰਾਂ ਨਾਲ ਸੰਵੇਦਨਾ ਵੀ ਜ਼ਾਹਰ ਕੀਤੀ।


Share