ਮੁਜ਼ੱਫ਼ਰਨਗਰ ਕਿਸਾਨ ਮਹਾ ਪੰਚਾਇਤ ’ਚ ਖੇਤੀ ਕਾਨੂੰਨਾਂ ਦਾ ਤਿੱਖਾ ਵਿਰੋਧ

715
ਮੁਜ਼ੱਫਰਨਗਰ ’ਚ ਕਿਸਾਨ ਮਹਾਪੰਚਾਇਤ ਦੌਰਾਨ ਹੋਰ ਆਗੂਆਂ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਤਰਜਮਾਨ ਰਾਕੇਸ਼ ਟਿਕੈਤ।
Share

– ਪੱਛਮੀ ਬੰਗਾਲ ਦੀ ਤਰਜ਼ ’ਤੇ ਮੋਦੀ ਤੇ ਯੋਗੀ ਨੂੰ ‘ਵੋਟ ਦੀ ਚੋਟ’ ਦੇਣ ਦਾ ਐਲਾਨ
– 15 ਰਾਜਾਂ ਦੀਆਂ 300 ਤੋਂ ਵੱਧ ਕਿਸਾਨ ਯੂਨੀਅਨਾਂ ਨੇ ਸ਼ਮੂਲੀਅਤ ਕੀਤੀ
ਨਵੀਂ ਦਿੱਲੀ, 6 ਸਤੰਬਰ (ਪੰਜਾਬ ਮੇਲ)- ਦੇਸ਼ ਦੇ ਖੇਤੀ ਖੇਤਰ ਨੂੰ ਕਾਰਪੋਰੇਟਾਂ ਤੋਂ ਬਚਾਉਣ ਦੇ ਅਹਿਦ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਕਿਸਾਨਾਂ ਵੱਲੋਂ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿਚ ਕਿਸਾਨ ਮਹਾਂਪੰਚਾਇਤ ਕੀਤੀ ਗਈ। ਕਿਸਾਨਾਂ ਨੇ ਤਿੰਨੋਂ ਖੇਤੀ ਕਾਨੂੰਨਾਂ ਦਾ ਤਿੱਖਾ ਵਿਰੋਧ ਕਰਦਿਆਂ ਕੇਂਦਰ ਦੀ ਮੋਦੀ ਤੇ ਯੂ.ਪੀ. ਦੀ ਯੋਗੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਪੱਛਮੀ ਬੰਗਾਲ ਚੋਣਾਂ ਦੀ ਤਰਜ਼ ’ਤੇ ਆਗਾਮੀ ਚੋਣਾਂ ’ਚ ‘ਵੋਟ ਦੀ ਚੋਟ’ ਜ਼ਰੀਏ ਭਾਜਪਾ ਨੂੰ ਸਬਕ ਸਿਖਾਵਾਂਗੇ। ਮਹਾਪੰਚਾਇਤ ’ਚ 15 ਰਾਜਾਂ ਦੀਆਂ 300 ਤੋਂ ਵੱਧ ਕਿਸਾਨ ਯੂਨੀਅਨਾਂ ਨੇ ਸ਼ਮੂਲੀਅਤ ਕੀਤੀ।
ਕਿਸਾਨਾਂ ਨੇ ਅਹਿਦ ਲਿਆ ਕਿ ਉਹ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਅੰਦੋਲਨ ਜਾਰੀ ਰੱਖਣਗੇ। ਕਿਸਾਨ ਆਗੂਆਂ ਨੇ ਮੰਚ ਤੋਂ ਯੂਪੀ ਦੀ ਯੋਗੀ ਯੋਗੇਂਦਰ ਯਾਦਵ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਘੇਰਦਿਆਂ ਯੂ.ਪੀ. ਸਰਕਾਰ ਨੂੰ ‘ਜੁਮਲੇਬਾਜ਼, ਫਰੇਬੀ, ਦੇਸ਼ਧ੍ਰੋਹੀ, ਢੋਂਗੀ ਤੇ ਲੁਟੇਰਾ’ ਜਿਹੇ ਪੰਜ ਲਕਬ ਦਿੱਤੇ। ਕਿਸਾਨ ਆਗੂਆਂ ਨੇ ਮੰਚ ਤੋਂ ਇਕਮੱਤ ਨਾਲ 27 ਸਤੰਬਰ ਨੂੰ ਮੁਕੰਮਲ ‘ਭਾਰਤ ਬੰੰਦ’ ਦਾ ਵੀ ਸੱਦਾ ਦਿੱਤਾ। ਪਹਿਲਾਂ ਇਹ ਸੱਦਾ 25 ਸਤੰਬਰ ਲਈ ਸੀ। ਆਗੂਆਂ ਨੇ ਕਿਹਾ ਕਿ ‘ਭਾਰਤ ਬੰਦ’ ਵਿਚ ਹਰ ਸੂਬੇ ਦੇ ਕਿਸਾਨ, ਮਜ਼ਦੂਰ ਤੇ ਹੋਰ ਵਰਗ ਹਿੱਸਾ ਲੈਣਗੇ। ਮਹਾਪੰਚਾਇਤ ਦੌਰਾਨ ਮੋਰਚੇ ਨੇ ਉੱਤਰ ਪ੍ਰਦੇਸ਼ ਦੇ ਗੰਨਾ ਕਾਸ਼ਤਕਾਰਾਂ ਦੇ 20 ਹਜ਼ਾਰ ਕਰੋੜ ਦੇ ਯੂਪੀ ਸਰਕਾਰ ਖ਼ਿਲਾਫ਼ ਖੜ੍ਹੇ ਬਕਾਏ ਨੂੰ ਦੇਣ ਦੀ ਮੰਗ ਪ੍ਰਤੀ ਵੀ ਸੰਜੀਦਗੀ ਦਿਖਾਈ।
ਮਹਾ ਪੰਚਾਇਤ ਦੇ ਮੰਚ ’ਤੇ ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ।

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਮਹਾਪੰਚਾਇਤ ’ਚ ਕਿਹਾ, ‘‘ਦਿੱਲੀ ਬਾਰਡਰਾਂ ’ਤੇ ਮੋਰਚਾ ਉੱਦੋਂ ਤੱਕ ਚਲੇਗਾ ਜਦੋਂ ਤੱਕ ਕਿ ਕੇਂਦਰ ਸਰਕਾਰ ਮੰਗਾਂ ਨਹੀਂ ਮੰਨ ਲੈਂਦੀ, ਚਾਹੇ ਫਿਰ ਕਿਸਾਨਾਂ ਦੇ ਉੱਥੇ ਹੀ ਸ਼ਮਸ਼ਾਨ ਘਾਟ ਬਣ ਜਾਣ। ਆਪਣੀਆਂ ਜਾਨਾਂ ਦੇ ਦਿਆਂਗੇ, ਪਰ ਜਿੱਤਣ ਤੋਂ ਬਿਨਾਂ ਪ੍ਰਦਰਸ਼ਨਾਂ ਵਾਲੀਆਂ ਥਾਵਾਂ ਨਹੀਂ ਛੱਡਾਂਗੇ।’’ ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਮੌਨੇਟਾਈਜ਼ੇਸ਼ਨ ਪਾਈਪਲਾਈਨ ਸਕੀਮ ਰਾਹੀਂ ‘ਦੇਸ਼ ਵੇਚਣ ਲਾ ਛੱਡਿਆ ਹੈ’ ਜਦੋਂਕਿ ਦੇਸ਼ ਦੇ ਨੌਜਵਾਨ ਬੇਰੁਜ਼ਗਾਰ ਹਨ। ਉਨ੍ਹਾਂ ਕਿਹਾ ਕਿ ਅੰਦੋਲਨ ਦੀ ਜ਼ਿੰਮੇਵਾਰੀ ਹੁਣ ਨੌਜਵਾਨਾਂ ਦੇ ਮੋਢਿਆਂ ਉਪਰ ਹੈ। ਉਨ੍ਹਾਂ ਕਿਹਾ ਕਿ ਹੁਣ ਮਿਸ਼ਨ ਦੇਸ਼ ਬਚਾਉਣ ਦਾ ਹੈ ਕਿਉਂਕਿ ਕੇਂਦਰ ਵੱਲੋਂ ਰੇਲਵੇ ਤੇ ਹਵਾਈ ਅੱਡੇ ਵੇਚੇ ਜਾਣਗੇ। ਉਨ੍ਹਾਂ ਕਿਹਾ ਕਿ ਬਿਜਲੀ, ਸੜਕਾਂ, ਕੰਪਨੀਆਂ ਵੇਚਣ ਦੀ ਯੋਜਨਾ ਨਾਲ ਦੇਸ਼ ਨਾਲ ਧੋਖਾ ਕੀਤਾ ਗਿਆ। ਐੱਲ.ਆਈ.ਸੀ., ਬੰਦਰਗਾਹ, ਬੈਂਕ, ਨਦੀਆਂ, ਪਾਣੀ ਸਭ ਵਿਕ ਰਹੇ ਹਨ ਤੇ ਅਡਾਨੀ ਤੇ ਅੰਬਾਨੀ ਵਰਗੇ ਇਸ ਦੇ ਖਰੀਦਦਾਰ ਹਨ। ਐੱਫ.ਸੀ.ਆਈ. ਦੇ ਗੁਦਾਮ ਵੀ ਇਨ੍ਹਾਂ ਕਾਰਪੋਰੇਟਾਂ ਕੋਲ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਖ਼ਤਰੇ ’ਚ ਹੈ ਤੇ ਹੁਣ ਦੇਸ਼ ਦੀ ਖੇਤੀ ਵੀ ਵੇਚਣ ਲਾ ਛੱਡੀ ਹੈ। ਯੋਗੀ ਸਰਕਾਰ ਗੰਨੇ ਦੇ ਭਾਅ ਦੇਣ ਤੋਂ ਮੁੱਕਰ ਗਈ ਹੈ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਨਾਂ ’ਤੇ ਸਿਆਸਤ ਕਰਨ ਦੇ ਲਾਏ ਦੋਸ਼ਾਂ ਦਾ ਠੋਕਵਾਂ ਜਵਾਬ ਦਿੰਦਿਆਂ ਟਿਕੈਤ ਨੇ ਕਿਹਾ ਕਿ ਮੰਗਾਂ ਤੇ ਮਸਲਿਆਂ ਨੂੰ ਚੁੱਕਣਾ ਜੇਕਰ ਸਿਆਸਤ ਹੈ, ਤਾਂ ਸਥਾਨਕ ਲੋਕ ਇਹ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਯੂ.ਪੀ. ਦੀ ਇਸ ਜ਼ਮੀਨ ’ਤੇ ਦੰਗੇ ਕਰਵਾਉਣ ਵਾਲੇ ਲੋਕਾਂ ਨੂੰ ਇੱਥੋਂ ਦੀ ਜਨਤਾ ਬਰਦਾਸ਼ਤ ਨਹੀਂ ਕਰੇਗੀ।

ਮਹਾ ਪੰਚਾਇਤ ਦੌਰਾਨ ਸਿਰਾਂ ’ਤੇ ਪੀਲੀਆਂ ਚੁੰਨੀਆਂ ਲੈ ਕੇ ਬੁਲਾਰਿਆਂ ਨੂੰ ਸੁਣਦੀਆਂ ਹੋਈਆਂ ਪੰਜਾਬ ਦੀਆਂ ਕਿਸਾਨ ਬੀਬੀਆਂ।

ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ ਨੇ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਯੋਗੀ ਸਰਕਾਰ ਨੂੰ ਪੰਜ ਨਾਂ ਦਿੱਤੇ। ਉਨ੍ਹਾਂ ਕਿਹਾ ਕਿ ‘ਸੌ ਸੁਨਿਆਰ ਦੀ, ਇੱਕ ਲੁਹਾਰ ਦੀ’ ਨਾਲ ਮੋਦੀ ਤੇ ਯੋਗੀ ਸਰਕਾਰ ਨੂੰ ਮਹਾਪੰਚਾਇਤ ਰਾਹੀਂ ਜਵਾਬ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਨੇ 86 ਲੱਖ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਦਾਅਵਾ ਕੀਤਾ ਸੀ, ਪਰ ਸੂਚਨਾ ਅਧਿਕਾਰ ਤਹਿਤ ਲਈ ਜਾਣਕਾਰੀ ’ਚ ਇਹ ਗਿਣਤੀ ਅੱਧੀ ਵੀ ਨਹੀਂ ਸੀ, ਇਸ ਲਈ ‘ਯੋਗੀ ਨਹੀਂ ਢੋਂਗੀ ਹੈ’। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਗੰਨੇ ਦਾ 20 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਨਾ ਦੇਣ ਕਰਕੇ ਇਹ ‘ਯੋਗੀ ਨਹੀਂ ਲੁਟੇਰਾ ਸਰਕਾਰ’ ਹੈ। ਕਣਕ ਪੈਦਾਵਾਰ ਦਾ 18% ਹੀ ਖਰੀਦਣ ਤੇ ਹੋਰ ਫਸਲਾਂ ਦੀ ਮਾਮੂਲੀ ਸਰਕਾਰੀ ਖਰੀਦ ’ਤੇ ਉਨ੍ਹਾਂ ਕਿਹਾ, ‘‘ਯੋਗੀ ਨਹੀਂ ਜੁਮਲੇਬਾਜ਼ ਹੈ।’’ ਫਸਲਾਂ ਦੇ ਬੀਮੇ ਤਹਿਤ ਕਿਸਾਨਾਂ ਨਾਲ ਕੰਪਨੀਆਂ ਵੱਲੋਂ ਢਾਈ ਹਜ਼ਾਰ ਕਰੋੜ ਦੀ ਠੱਗੀ ਮਾਰਨ ਦਾ ਦੋਸ਼ ਲਾਉਂਦੇ ਹੋਏ ਸ਼੍ਰੀ ਯਾਦਵ ਨੇ ‘ਯੋਗੀ ਨਹੀਂ ਫਰੇਬੀ ਹੈ’ ਦਾ ਨਾਅਰਾ ਬੁਲੰਦ ਕੀਤਾ। ਯਾਦਵ ਨੇ ਯੂ.ਪੀ. ਦੇ ਮੁੱਖ ਮੰਤਰੀ ਨੂੰ ਪੰਜਵਾਂ ਨਾਂ ‘ਯੋਗੀ ਨਹੀਂ ਦੇਸ਼ ਧਰੋਹੀ ਹੈ’ ਵਜੋਂ ਦਿੱਤਾ। ਉਨ੍ਹਾਂ ਹਿੰਦੂ-ਮੁਸਲਿਮ ਏਕਤਾ ਲਈ ਭਾਜਪਾ ਨੂੰ ਸੁਣਾਉਂਦਿਆਂ ‘ਤੁਮ ਤੋੜੋਗੇ, ਹਮ ਜੋੜੇਂਗੇ’ ਦੇ ਨਾਅਰੇ ਲਾਏ।


Share