ਮੁਹਾਲੀ ਵਾਂਗ ਸ਼ਿਮਲਾ ‘ਚ ਵੀ ਹੋ ਸਕਦੈ ਹਮਲਾ : ਗੁਰਪਤਵੰਤ ਪੰਨੂੰ

46
ਮੁਹਾਲੀ 'ਚ ਪੰਜਾਬ ਇੰਟੈਲੀਜੈਂਸ ਦੇ ਹੈੱਡਕੁਆਰਟਰ ਨੇੜੇ ਸੋਹਾਣਾ ਇਲਾਕੇ 'ਚ ਜਾਂਚ ਕਰਦੇ ਹੋਏ ਸੁਰੱਖਿਆ ਕਰਮੀ।
Share

-ਆਡੀਓ ਮੈਸੇਜ ਭੇਜ ਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਦਿੱਤੀ ਧਮਕੀ
-ਮੁਹਾਲੀ ਧਮਾਕਾ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ ਸਿਟ ਕਾਇਮ: ਪੰਜਾਬ ‘ਚ ਅਲਰਟ
– ਕਈ ਸ਼ੱਕੀ ਹਿਰਾਸਤ ‘ਚ ਲਏ

ਗੁਰਪਤਵੰਤ ਸਿੰਘ ਪੰਨੂੰ

ਨਿਊਯਾਰਕ/ਮੁਹਾਲੀ, 11 ਮਈ (ਪੰਜਾਬ ਮੇਲ)- ਮੁਹਾਲੀ ਵਿਚਲੇ ਇੰਟੈਲੀਜੈਂਸ ਦਫ਼ਤਰ ‘ਤੇ ਹੋਏ ਹਮਲੇ ਤੋਂ ਬਾਅਦ ਖ਼ਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਨੇ ਇਕ ਆਡੀਓ ਮੈਸੇਜ ਭੇਜ ਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਧਮਕੀ ਦਿੱਤੀ ਹੈ ਕਿ ਮੁਹਾਲੀ ‘ਚ ਹੋਏ ਰਾਕੇਟ ਲਾਂਚਰ ਹਮਲੇ ਤੋਂ ਕੁਝ ਸਿੱਖੋ। ਧਮਕੀ ‘ਚ ਇਹ ਵੀ ਕਿਹਾ ਗਿਆ ਹੈ ਕਿ ਅਜਿਹਾ ਹਮਲਾ ਸ਼ਿਮਲਾ ‘ਚ ਵੀ ਹੋ ਸਕਦਾ ਹੈ। ਧਮਕੀ ‘ਚ ਅੱਗੇ ਕਿਹਾ ਗਿਆ ਹੈ ਕਿ ਸਿੱਖ ਫਾਰ ਜਸਟਿਸ ਨੇ ਧਰਮਸ਼ਾਲਾ ‘ਚ ਝੰਡੇ ਲਗਾਏ ਸਨ। ਇਸ ਭਾਈਚਾਰੇ ਨੂੰ ਨਾ ਭੜਕਾਓ, ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਇਸ ਤੋਂ ਪਹਿਲਾਂ ਮੁਹਾਲੀ ‘ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ‘ਤੇ ਰਾਕੇਟ ਲਾਂਚਰ ਨਾਲ ਕੀਤੇ ਹਮਲੇ ਤੋਂ ਮਗਰੋਂ ਪੰਜਾਬ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਰਾਜ ਦੀਆਂ ਸਰਹੱਦਾਂ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ 20 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਹਮਲੇ ਨੂੰ ਅੰਜਾਮ ਦੇਣ ਲਈ ਟੀ.ਐੱਨ.ਟੀ. ਬਾਰੂਦ ਦੀ ਵਰਤੋਂ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਸ ਦੌਰਾਨ ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਨੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ‘ਚ ਗ੍ਰਨੇਡ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ। ਇਸੇ ਦੌਰਾਨ ਪੰਜਾਬ ਪੁਲਿਸ ਨੇ ਹਮਲੇ ਲਈ ਵਰਤਿਆ ਰੂਸ ਦਾ ਬਣਿਆ ਲਾਂਚਰ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਹੈ। ਪੁਲਿਸ ਦੀਆਂ ਕਈ ਟੀਮਾਂ ਸਿਟ ਨੂੰ ਸਹਿਯੋਗ ਦੇਣਗੀਆਂ।
ਉਧਰ ਦਿੱਲੀ ਤੋਂ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਟੀਮ ਨੇ ਵੀ ਮੌਕੇ ‘ਤੇ ਪੁੱਜ ਕੇ ਇਲਾਕੇ ਦਾ ਮੁਆਇਨਾ ਕੀਤਾ। ਸੂਤਰਾਂ ਮੁਤਾਬਕ ਐੱਨ.ਆਈ.ਏ. ਦੀ ਟੀਮ ਪੰਜਾਬ ਪੁਲਿਸ ਦੇ ਸੰਪਰਕ ਵਿਚ ਹੈ ਤੇ ਕੇਸ ਕੇਂਦਰੀ ਜਾਂਚ ਏਜੰਸੀ ਨੂੰ ਤਬਦੀਲ ਕੀਤਾ ਜਾ ਸਕਦਾ ਹੈ। ਐੱਨ.ਆਈ.ਏ. ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੇ ਕਿਹਾ ਕਿ ਹਮਲੇ ਦੇ ਸਾਜ਼ਿਸ਼ਕਾਰਾਂ ਦੀ ਪੈੜ ਨੱਪਣ ਲਈ ਟੀਮ ਵੱਲੋਂ ਧਮਾਕੇ ਵਾਲੀ ਥਾਂ ਦੀ ਪੜਚੋਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਧਿਕਾਰਤ ਤੌਰ ‘ਤੇ ਕੇਸ ਦੀ ਜਾਂਚ ਕਰ ਰਹੀ ਹੈ, ਜਦੋਂਕਿ ਐੱਨ.ਆਈ.ਏ. ਕੇਂਦਰੀ ਏਜੰਸੀ ਹੋਣ ਦੇ ਨਾਤੇ ਇਲਾਕੇ ਦਾ ਮੁਆਇਨਾ ਕਰਨ ਆਈ ਹੈ। ਸਿੰਘ ਨੇ ਕਿਹਾ ਕਿ ਐੱਨ.ਆਈ.ਏ. ਟੀਮ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਸ਼ੱਕੀ ਵਿਅਕਤੀਆਂ ਤੋਂ ਪੁੱਛ-ਪੜਤਾਲ ਕਰ ਰਹੀ ਹੈ। ਐੱਨ.ਆਈ.ਏ. ਦਾ ਮੰਨਣਾ ਹੈ ਕਿ ਇਸ ਹਮਲੇ ਪਿੱਛੇ ਪੰਜਾਬ ਵਿਚ ਸਰਗਰਮ ਖਾਲਿਸਤਾਨੀ ਜਥੇਬੰਦੀਆਂ ਦਾ ਹੱਥ ਹੈ, ਜੋ ਇਲਾਕੇ ਦੀ ਕਈ ਵਾਰ ਰੇਕੀ ਕਰਨ ਮਗਰੋਂ ਅਜਿਹੇ ਹਮਲਿਆਂ ਨੂੰ ਅੰਜਾਮ ਦਿੰਦੀਆਂ ਹਨ।  ਪੁਲਿਸ ਵੱਲੋਂ ਕੀਤੀ ਸ਼ੁਰੂਆਤੀ ਪੜਤਾਲ ਤੋਂ ਇਹੀ ਸੰਕੇਤ ਮਿਲਿਆ ਹੈ ਕਿ ਹਮਲੇ ਪਿੱਛੇ ਦੋ ਕਾਰ ਸਵਾਰਾਂ ਦਾ ਹੱਥ ਹੋ ਸਕਦਾ ਹੈ। ਹਮਲੇ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੀ ਇਮਾਰਤ ਦੇ ਬਾਹਰ ਸਫ਼ੇਦ ਰੰਗ ਦੀ ਡਿਜ਼ਾਇਰ ਕਾਰ ਵੇਖੀ ਗਈ ਸੀ। ਇਮਾਰਤ ਵਿਚ ਕੋਈ ਸੀ.ਸੀ.ਟੀ.ਵੀ. ਕੈਮਰਾ ਨਾ ਲੱਗਾ ਹੋਣ ਕਰਕੇ ਪੁਲਿਸ ਵੱਲੋਂ ਨੇੜਲੇ ਇਲਾਕਿਆਂ/ਖੇਤਰਾਂ ਦੀ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ ਹੈ ਤੇ ਨੇੜੇ ਰਹਿੰਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੰਜਾਬ ਪੁਲਿਸ ਨੇ ਹਮਲੇ ਲਈ ਵਰਤਿਆ ਰੂਸ ਦਾ ਬਣਿਆ ਲਾਂਚਰ ਬਰਾਮਦ ਕਰ ਲਿਆ ਹੈ। ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ਦੇ ਸੁਰੱਖਿਆ ਇੰਚਾਰਜ ਸਬ-ਇੰਸਪੈਕਟਰ ਬਲਕਾਰ ਸਿੰਘ ਦੇ ਬਿਆਨਾਂ ‘ਤੇ ਮੁਹਾਲੀ ਦੇ ਸੋਹਾਣਾ ਥਾਣੇ ਵਿਚ ਆਈ.ਪੀ.ਸੀ., ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ.ਏ.ਪੀ.ਏ.) ਅਤੇ ਧਮਾਕਾਖੇਜ਼ ਸਮੱਗਰੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਹਮਲੇ ਪਿੱਛੇ ਗੈਂਗਸਟਰ ਤੋਂ ਦਹਿਸ਼ਤਗਰਦ ਬਣੇ ਹਰਵਿੰਦਰ ਸਿੰਘ ਰਿੰਦਾ, ਜੋ ਇਸ ਵੇਲੇ ਪਾਕਿਸਤਾਨ ਵਿਚ ਹੈ, ਦੀ ਸ਼ਮੂਲੀਅਤ ਦਾ ਸ਼ੱਕ ਹੈ। ਮੁਹਾਲੀ ਵਿਚ ਇਹ ਧਮਾਕਾ ਅਜਿਹੇ ਮੌਕੇ ਹੋਇਆ ਹੈ, ਜਦੋਂ ਕਿ ਪਿਛਲੇ ਮਹੀਨੇ 24 ਅਪ੍ਰੈਲ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਨੇੜਿਓਂ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਸੋਮਵਾਰ ਸ਼ਾਮ 7.45 ਵਜੇ ਦੇ ਕਰੀਬ ਮੋਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਸੈੱਲ ਦੇ ਹੈੱਡਕੁਆਰਟਰ ‘ਤੇ ਰਾਕੇਟ ਗ੍ਰਨੇਡ ਦਾਗਿਆ ਗਿਆ ਸੀ। ਇਸ ਹਮਲੇ ‘ਚ ਹੈੱਡਕੁਆਰਟਰ ਦੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਗ੍ਰਨੇਡ ਹੈੱਡਕੁਆਰਟਰ ਦੇ ਅੰਦਰ ਡਿੱਗਿਆ ਪਰ ਇਹ ਫਟਿਆ ਨਹੀਂ। ਇਹ ਗ੍ਰਨੇਡ ਬਿਨਾਂ ਨਿਸ਼ਾਨੇ ਦੇ ਬੇਤਰਤੀਬੇ ਢੰਗ ਨਾਲ ਦਾਗਿਆ ਗਿਆ।

ਪੰਜਾਬ ‘ਚ ਪਹਿਲੀ ਵਾਰ ਹਮਲੇ ‘ਚ ਵਰਤਿਆ ਗਿਆ ਘਾਤਕ ਆਰ.ਪੀ.ਜੀ.
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖ਼ੁਫ਼ੀਆ ਏਜੰਸੀਆਂ ਦੇ ਸਾਹਮਣੇ ਇਹ ਗੱਲ ਆਈ ਹੈ ਕਿ ਪੰਜਾਬ ‘ਚ ਪਹਿਲੀ ਵਾਰ ਹਮਲਾਵਰਾਂ ਵਲੋਂ ਆਰ.ਪੀ.ਜੀ. (ਰਾਕੇਟ ਪ੍ਰੋਪੈਲਡ ਗ੍ਰਨੇਡ, ਰਾਕੇਟ ਦੇ ਜ਼ਰੀਏ ਦਾਗਿਆ ਜਾਣ ਵਾਲਾ ਗ੍ਰਨੇਡ) ਦਾ ਇਸਤੇਮਾਲ ਕੀਤਾ ਗਿਆ ਹੈ। ਮੁਹਾਲੀ ‘ਚ ਬਰਾਮਦ ਹੋਏ ਹਥਿਆਰ ਦੀ ਪੂਰੀ ਜਾਣਕਾਰੀ ਲਈ ਫੋਰੈਂਸਿਕ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਪਰ ਪਹਿਲੀ ਨਜ਼ਰੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਹਥਿਆਰ ਬਖ਼ਤਰਬੰਦ ਵਾਹਨ ਅਤੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਸੂਤਰ ਦੱਸਦੇ ਹਨ ਕਿ ਇਸ ਹਥਿਆਰ ਦੀ ਵਰਤੋਂ ਜੰਮੂ ਕਸ਼ਮੀਰ ‘ਚ ਹਮਲਿਆਂ ਦੌਰਾਨ ਜ਼ਰੂਰ ਹੁੰਦੀ ਰਹੀ ਹੈ। ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਵਲੋਂ ਮਾਰੇ ਗਏ ਅੱਤਵਾਦੀਆਂ ਵਲੋਂ ਆਰ.ਪੀ.ਜੀ. ਦੇ ਇਸਤੇਮਾਲ ਦੇ ਸਬੂਤ ਸਾਹਮਣੇ ਆਏ ਸਨ।

ਫਰੀਦਕੋਟ ਪੁਲਿਸ ਵੱਲੋਂ ਮੁਹਾਲੀ ਬਲਾਸਟ ਮਾਮਲੇ ‘ਚ ਨਿਸ਼ਾਨ ਸਿੰਘ ਗ੍ਰਿਫ਼ਤਾਰ
ਫਰੀਦਕੋਟ : ਮੁਹਾਲੀ ‘ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਨਿਸ਼ਾਨ ਸਿੰਘ ਨਾਮ ਦੇ ਇਕ ਮੁਲਜ਼ਮ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਅਨੁਸਾਰ ਨਿਸ਼ਾਨ ਸਿੰਘ ਪੁੱਤਰ ਪ੍ਰਗਟ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਦੇ ਪਿੰਡ ਕੁੱਲਾ ਦਾ ਰਹਿਣ ਵਾਲਾ ਹੈ। ਉਹ ਫਰੀਦਕੋਟ ਜੇਲ੍ਹ ‘ਚ ਬੰਦ ਰਹਿ ਚੁੱਕਾ ਹੈ। ਉਸ ਖ਼ਿਲਾਫ਼ ਆਰਮਜ਼ ਐਕਟ ਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਕਈ ਕੇਸ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਫਰੀਦਕੋਟ ਦੀ ਪੁਲਿਸ ਟੀਮ ਨੇ ਫੜਿਆ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਫ਼ਰੀਦਕੋਟ ਦੀ ਪੁਲਿਸ ਨੇ ਨਿਸ਼ਾਨ ਸਿੰਘ ਦੇ ਅੰਮ੍ਰਿਤਸਰ ਨਿਵਾਸੀ ਸਾਲੇ ਸੋਨੂੰ ਨੂੰ ਵੀ ਹਿਰਾਸਤ ਵਿਚ ਲੈ ਲਿਆ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਨਿਸ਼ਾਨ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੁਝ ਮਾਮਲੇ ਦਰਜ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਤਹਿਸੀਲ ਕੰਪਲੈਕਸ ‘ਚ ਹੋਏ ਧਮਾਕੇ ਤੋਂ ਬਾਅਦ ਪੰਜਾਬ ‘ਚ ਅੱਤਵਾਦੀ ਘਟਨਾਵਾਂ ‘ਚ ਵਾਧਾ ਹੋਇਆ ਹੈ। ਨਿਸ਼ਾਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਸਰਹੱਦੀ ਪਿੰਡ ਕੁੱਲਾ ਹਾਲ ਹੀ ‘ਚ ਗੋਇੰਦਵਾਲ ਸਾਹਿਬ ਦੀ ਜੇਲ੍ਹ ‘ਚੋਂ ਰਿਹਾਅ ਹੋ ਕੇ ਪਿੰਡ ਆਇਆ ਸੀ। ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਕੁੱਲਾ ਵਾਸੀ 26 ਸਾਲਾ ਨਿਸ਼ਾਨ ਸਿੰਘ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਦੀ ਟੀਮ ਉਸ ਦੇ ਖਾਲਿਸਤਾਨੀ ਸਮਰਥਕਾਂ ਨਾਲ ਸੰਬੰਧਾਂ ਦਾ ਪਤਾ ਲਾਉਣ ਲਈ ਉਸ ਦੇ ਪਿੰਡ ਪਹੁੰਚੀ ਹੈ।

ਇੰਟੈਲੀਜੈਂਸ ਦਫਤਰ ਦੇ ਬਾਹਰ ਦੂਜੇ ਧਮਾਕੇ ਦੀ ਝੂਠੀ ਖ਼ਬਰ ਨੇ ਪਾਈਆਂ ਭਾਜੜਾਂ
ਇੰਟੈਲੀਜੈਂਸ ਦਫਤਰ ਦੇ ਬਾਹਰ ਦੂਜੇ ਧਮਾਕੇ ਦੀ ਝੂਠੀ ਖ਼ਬਰ ਨੇ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੁਆ ਦਿੱਤੀਆਂ। ਜ਼ਿਲ੍ਹਾ ਪੁਲਿਸ ਮੁਖੀ ਮੁਹਾਲੀ ਵਿਵੇਕ ਸ਼ੀਲ ਸੋਨੀ ਨੇ ਸਪੱਸ਼ਟ ਕੀਤਾ ਕਿ ਮੁਹਾਲੀ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਅਜਿਹਾ ਕੋਈ ਹੋਰ ਧਮਾਕਾ ਨਹੀਂ ਹੋਇਆ। ਮੁਹਾਲੀ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਦੂਜੇ ਧਮਾਕੇ ਦੀ ਖ਼ਬਰ, ਜੋ ਕਿ ਕੁਝ ਰਾਸ਼ਟਰੀ ਪੱਧਰ ਦੇ ਨਿਊਜ਼ ਚੈਨਲਾਂ ਦੁਆਰਾ ਪ੍ਰਸਾਰਿਤ ਕੀਤੀ ਗਈ ਹੈ, ਬੇਬੁਨਿਆਦ ਤੇ ਝੂਠੀ ਹੈ। ਅਜਿਹੇ ਸੰਵੇਦਨਸ਼ੀਲ ਮੁੱਦਿਆਂ ‘ਤੇ ਅਨੈਤਿਕ ਪੱਤਰਕਾਰੀ ਸਮਾਜ ‘ਚ ਅਸ਼ਾਂਤੀ ਦਾ ਮਾਹੌਲ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਧਮਾਕੇ ਦੀ ਉੱਚ-ਪੱਧਰੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।


Share