ਮੁਹਾਲੀ ਗਰਨੇਡ ਹਮਲਾ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ 6 ਜਣਿਆਂ ਨੂੰ ਹਿਰਾਸਤ ‘ਚ ਲਿਆ

31
Share

-ਸਾਜ਼ਿਸ਼ ਰਚਣ ਵਾਲਿਆਂ ਦੀ ਪਛਾਣ ਹੋਈ
– ਹਰਵਿੰਦਰ ਸਿੰਘ ਰਿੰਦਾ ਨੇ ਕੈਨੇਡਾ ਦੇ ਗੈਂਗਸਟਰ ਲਖਬੀਰ ਸਿੰਘ ਨਾਲ ਮਿਲ ਕੇ ਰਚੀ ਸੀ ਸਾਜ਼ਿਸ਼
ਚੰਡੀਗੜ੍ਹ, 13 ਮਈ (ਪੰਜਾਬ ਮੇਲ)- ਪੰਜਾਬ ਪੁਲੀਸ ਨੇ ਮੁਹਾਲੀ ਗਰੇਨੇਡ ਹਮਲੇ ਦੇ ਮਾਮਲੇ ਵਿਚ ਛੇ ਜਣਿਆਂ ਨੂੰ ਹਿਰਾਸਤ ਵਿਚ ਲਿਆ ਹੈ। ਸੂਬੇ ਦੇ ਡੀ.ਜੀ.ਪੀ. ਵੀ ਕੇ ਭਾਵਰਾ ਨੇ ਦੱਸਿਆ ਕਿ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਰਿੰਦਾ ਦੇ ਨੇੜਲੇ ਸਾਥੀ ਲਖਬੀਰ ਸਿੰਘ ਉਰਡ ਲੰਡਾ ਨੇ ਸਾਜ਼ਿਸ਼ ਰਚੀ ਸੀ। ਉਨ੍ਹਾਂ ਦੱਸਿਆ ਕਿ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਪਾਕਿਸਤਾਨ ਦੀ ਆਈ.ਐੱਸ.ਆਈ. ਲਈ ਕੰਮ ਕਰਦੇ ਸਨ। ਇਸ ਮਾਮਲੇ ‘ਚ ਕਾਬੂ ਕੀਤੇ ਗਏ ਲਖਬੀਰ ਸਿੰਘ ਦੇ ਸਾਥੀ ਨਿਸ਼ਾਨ ਸਿੰਘ ਤੇ ਚਰਨ ਸਿੰਘ ਵੀ ਤਰਨ ਤਾਰਨ ਜ਼ਿਲ੍ਹੇ ਨਾਲ ਹੀ ਸਬੰਧਤ ਹਨ। ਨਿਸ਼ਾਨ ਸਿੰਘ ਨੂੰ ਕੁਝ ਦਿਨ ਪਹਿਲਾਂ ਫਰੀਦਕੋਟ ਪੁਲਿਸ ਨੇ ਕਾਬੂ ਕੀਤਾ ਸੀ। ਦੱਸਣਾ ਬਣਦਾ ਹੈ ਕਿ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਸੈਕਟਰ-77 ਵਿਚ ਸੋਮਵਾਰ ਨੂੰ ਗਰਨੇਡ ਨਾਲ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੂਰੇ ਸੂਬੇ ਵਿਚ ਚੌਕਸੀ ਵਧਾ ਦਿੱਤੀ ਗਈ ਸੀ।
ਡੀ.ਜੀ.ਪੀ. ਨੇ ਕਿਹਾ ਕਿ ਸਾਜ਼ਿਸ਼ ਰਚਣ ਵਾਲੇ ਸਾਰੇ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਪਰ ਗਰਨੇਡ ਹਮਲਾ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਣਾ ਹੈ। ਇਸ ਮਾਮਲੇ ਵਿਚ ਸ਼ਾਮਲ ਸਾਰੇ ਦਹਿਸ਼ਤਗਰਦਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਗਰਨੇਡ ਹਮਲਾ ਕਰਨ ਵਾਲੇ ਸਿਰਫ ਇਕ ਜਣੇ ਦੀ ਪਛਾਣ ਹੀ ਜਨਤਕ ਕੀਤੀ ਹੈ, ਜਿਸ ਦਾ ਨਾਂ ਚਰਨ ਸਿੰਘ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ, ਜਿਸ ਕਾਰਨ ਬਾਕੀ ਦੇ ਦੋ ਜਣਿਆਂ ਨੂੰ ਪਛਾਣ ਜਨਤਕ ਨਹੀਂ ਕੀਤੀ ਗਈ ਕਿਉਂਕਿ ਅਜਿਹਾ ਕਰਨ ਨਾਲ ਕੇਸ ਪ੍ਰਭਾਵਿਤ ਹੋਵੇਗਾ।


Share