ਮੁਸਲਿਮ ਤੇ ਹੋਰ ਘੱਟਗਿਣਤੀਆਂ ਵੱਲੋਂ ਵੱਖ-ਵੱਖ ਮਸਲਿਆਂ ਤਹਿਤ ਵ੍ਹਾਈਟ ਹਾਊਸ ਦੇ ਬਾਹਰ ਪ੍ਰਦਰਸ਼ਨ

425
Share

ਵਾਸ਼ਿੰਗਟਨ, 25 ਸਤੰਬਰ (ਪੰਜਾਬ ਮੇਲ)- ਮੁਸਲਿਮ ਤੇ ਹੋਰਨਾਂ ਘੱਟਗਿਣਤੀ ਵੱਲੋਂ ਨਵੇਂ ਖੇਤੀ ਕਾਨੂੰਨਾਂ, ਮਨੁੱਖੀ ਹੱਕਾਂ ਦੀ ਉਲੰਘਣਾ, ਘੱਟਗਿਣਤੀਆਂ ’ਤੇ ਜ਼ੁਲਮਾਂ ਅਤੇ ਕਸ਼ਮੀਰ ਦੇ ਮਸਲੇ ’ਤੇ ਇਥੇ ਵ੍ਹਾਈਟ ਹਾਊਸ ਦੇ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਨਿਊਜ਼ ਚੈਨਲ ਅਲ ਜਜ਼ੀਰਾ ਨੇ ਆਪਣੀ ਇੱਕ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਇਥੇ ਲਾਫਾਇਟ ਚੌਕ ਵਿਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ‘ਭਾਰਤ ਨੂੰ ਫ਼ਾਸ਼ੀਵਾਦ ਤੋਂ ਬਚਾਉਣ’ ਦੇ ਨਾਅਰੇ ਲਾਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਕੁਐਡ’ ਵਾਰਤਾ ਤੇ ਯੂ.ਐੱਨ. ਆਮ ਸਭਾ ਨੂੰ ਸੰਬੋਧਨ ਕਰਨ ਲਈ ਚਾਰ ਰੋਜ਼ਾ ਫੇਰੀ ਤਹਿਤ ਅਮਰੀਕਾ ਵਿਚ ਹਨ। ਪ੍ਰਦਰਸ਼ਨਕਾਰੀਆਂ ਨੇ ਭਾਰਤ ’ਚ ਹਿੰਦੂ ਸੱਜੇਪੱਖੀ ਜਥੇਬੰਦੀਆਂ ਵੱਲੋਂ ਘੱਟਗਿਣਤੀ ਭਾਈਚਾਰਿਆਂ ਖਾਸ ਕਰਕੇ ਮੁਸਲਮਾਨਾਂ ਤੇ ਈਸਾਈਆਂ ’ਤੇ ਹਮਲੇ ਤੇ ਹੱਤਿਆਵਾਂ ਕਰਨ ਦੇ ਵਧਦੇ ਮਾਮਲਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਭਾਰਤੀ ਅਮਰੀਕੀ ਮੁਸਲਿਮ ਕੌਂਸਲ ਦੇ ਪ੍ਰਧਾਨ ਸੱਯਦ ਅਲੀ ਨੇ ਚੈਨਲ ਨੂੰ ਦੱਸਿਆ, ‘‘ਹੌਲੀ ਹੌਲੀ ਘੱਟਗਿਣਤੀਆਂ ਦੀ ਨਸਲਕੁਸ਼ੀ ਹੋ ਰਹੀ ਹੈ। ਭਾਰਤ ਵਿਚ ਰਹਿੰਦੇ 20 ਕਰੋੜ ਮੁਸਲਮਾਨਾਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੋਈ ਹੈ। ਬਾਇਡਨ ਪ੍ਰਸ਼ਾਸਨ ਹੋਰ ਚੁੱਪ ਨਹੀਂ ਰਹਿ ਸਕਦਾ। ਬਾਇਡਨ-ਮੋਦੀ ਮੁਲਾਕਾਤ ਭਾਰਤ ਨੂੰ ਸਖ਼ਤ ਸੁਨੇਹਾ ਦੇਣ ਲਈ ਸਹੀ ਸਮਾਂ ਹੈ।’’

Share