ਮੁਲਤਾਨੀ ਕੇਸ : ਆਖਰ ਸਾਬਕਾ ਡੀਜੀਪੀ ਸੁਮੇਧ ਸੈਣੀ ਐਸਆਈਟੀ ਸਾਹਮਣੇ ਹੋਏ ਪੇਸ਼

615

ਚੰਡੀਗੜ੍ਹ, 28 ਸਤੰਬਰ (ਪੰਜਾਬ ਮੇਲ)- ਸਾਬਕਾ ਡੀਜੀਪੀ ਸੁਮੇਧ ਸੈਣੀ ਆਖਰ ਅੱਜ ਮੁਲਤਾਨੀ ਕੇਸ ਵਿੱਚ ਐਸਆਈਟੀ ਸਾਹਮਣੇ ਪੇਸ਼ ਹੋਏ ਹਨ। ਸਿੱਟ ਨੇ ਬਲਵੰਤ ਸਿੰਘ ਮੁਲਤਾਨੀ ਹੱਤਿਆ ਤੇ ਅਗਵਾ ਮਾਮਲੇ ‘ਚ ਨਾਮਜ਼ਦ ਸੇਵਾ ਮੁਕਤ ਡੀਜੀਪੀ ਸੁਮੇਧ ਸੈਣੀ ਸੋਮਵਾਰ ਨੂੰ ਐਸਆਈਟੀ ਅੱਗੇ ਪੇਸ਼ ਹੋਣ ਲਈ ਮੁਹਾਲੀ ਦੇ ਥਾਣਾ ਮਟੌਰ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਸੈਣੀ ਦੇ ਘਰ ਬਾਹਰ ਪੁਲਿਸ ਨੇ 28 ਸਤੰਬਰ ਨੂੰ ਪੇਸ਼ ਹੋਣ ਲਈ ਦੂਜਾ ਨੋਟਿਸ ਚਿਪਕਾਇਆ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਬੀਤੀ 21 ਸਤੰਬਰ ਨੂੰ ਅਜਿਹਾ ਹੀ ਨੋਟਿਸ ਭੇਜ ਕੇ ਸੈਣੀ ਨੂੰ 23 ਸਤੰਬਰ ਨੂੰ ਸਿਟ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਸੀ ਪਰ ਉਹ ਉਸ ਦਿਨ ਥਾਣੇ ਨਹੀਂ ਪਹੁੰਚੇ। ਇਸ ਲਈ ਸਿੱਟ ਨੇ ਮੁੜ ਨੋਟਿਸ ਜਾਰੀ ਕਰਕੇ ਤਲਬ ਕੀਤਾ ਸੀ। ਇਹ ਵੀ ਅਹਿਮ ਹੈ ਕਿ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਾਉਂਦਿਆਂ ਉਸ ਨੂੰ ਪੁਲਿਸ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਸੀ। ਇਸ ਲਈ ਸੈਣੀ ਨੂੰ ਪੇਸ਼ ਹੋਣਾ ਹੀ ਪੈਣਾ ਸੀ।
ਇਸ ਤੋਂ ਪਹਿਲਾਂ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਸੀ ਕਿ ਜੇਕਰ ਸਾਬਕਾ ਡੀਜੀਪੀ ਜਾਂਚ ਵਿੱਚ ਸ਼ਾਮਲ ਹੋਣ ਲਈ ਪੁਲਿਸ ਕੋਲ ਪੇਸ਼ ਨਹੀਂ ਹੁੰਦੇ ਤਾਂ ਤੀਜੀ ਵਾਰ ਆਖ਼ਰੀ ਸੰਮਨ ਭੇਜਿਆ ਜਾਵੇਗਾ। ਜੇਕਰ ਉਹ ਫਿਰ ਵੀ ਜਾਂਚ ’ਚ ਸ਼ਾਮਲ ਨਾ ਹੋਏ ਤਾਂ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਇਰ ਕਰਕੇ ਸਾਬਕਾ ਡੀਜੀਪੀ ਦੀ ਗ੍ਰਿਫ਼ਤਾਰੀ ’ਤੇ ਲਾਈ ਗਈ ਆਰਜ਼ੀ ਰੋਕ ਹਟਾਉਣ ਦੀ ਮੰਗ ਕੀਤੀ ਜਾਵੇਗੀ। ਇਸ ਮਾਮਲੇ ’ਚ ਸੁਪਰੀਮ ਕੋਰਟ ਵਿੱਚ ਅਗਲੀ ਸੁਣਵਾਈ 27 ਅਕਤੂਬਰ ਨੂੰ ਹੈ।