ਮੁਲਤਾਨੀ ਅਗਵਾ ਮਾਮਲਾ; ਸੁਮੇਧ ਸੈਣੀ ਮੁਹਾਲੀ ਅਦਾਲਤ ‘ਚ ਨਹੀਂ ਹੋਏ ਪੇਸ਼

717
Share

ਮੁਹਾਲੀ, 17 ਜੂਨ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਆਈ.ਏ.ਐੱਸ. ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇ.ਈ.) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਮੁਹਾਲੀ ਅਦਾਲਤ ‘ਚ ਪੇਸ਼ ਨਹੀਂ ਹੋਏ। ਪੀੜਤ ਪਰਿਵਾਰ ਵੱਲੋਂ ਸ਼ਿਕਾਇਤਕਰਤਾ ਪਲਵਿੰਦਰ ਸਿੰਘ ਮੁਲਤਾਨੀ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਆਰ.ਐੱਸ. ਰਾਏ ਦੀ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਇਸ ਕੇਸ ਦੀ ਸੁਣਵਾਈ ਕਿਸੇ ਹੋਰ ਅਦਾਲਤ ‘ਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਸੈਸ਼ਨ ਜੱਜ ਨੇ ਸੁਮੇਧ ਸੈਣੀ ਨੂੰ ਨੋਟਿਸ ਜਾਰੀ ਕਰ ਕੇ ਆਪਣਾ ਪੱਖ ਰੱਖਣ ਲਈ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਸੀ।
ਇਸ ਦੌਰਾਨ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਅਤੇ ਸਰਕਾਰੀ ਵਕੀਲ ਸੰਜੀਵ ਬੱਤਰਾ, ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ, ਬਚਾਅ ਪੱਖ ਦੇ ਵਕੀਲ ਐੱਚ.ਐੱਸ. ਧਨੋਆ ਜ਼ਿਲ੍ਹਾ ਅਦਾਲਤ ‘ਚ ਪੇਸ਼ ਹੋਏ। ਸਾਬਕਾ ਡੀ.ਜੀ.ਪੀ. ਸੈਣੀ ਨੇ ਆਪਣੇ ਵਕੀਲ ਐੱਚ.ਐੱਸ. ਧਨੋਆ ਰਾਹੀਂ ਅਦਾਲਤ ਨੂੰ ਦੱਸਿਆ ਕਿ ਸੁਣਵਾਈ ਬਾਰੇ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਕੋਈ ਸੰਮਨ ਨਹੀਂ ਮਿਲਿਆ। ਇਸ ‘ਤੇ ਸੈਸ਼ਨ ਜੱਜ ਨੇ ਕੇਸ ਦੀ ਸੁਣਵਾਈ ਲਈ 23 ਜੂਨ ਦਾ ਦਿਨ ਨਿਰਧਾਰਿਤ ਕੀਤਾ ਹੈ ਅਤੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੂੰ ਫਿਲਹਾਲ ਇਸ ਕੇਸ ਬਾਰੇ ਕੋਈ ਅੰਤਿਮ ਫ਼ੈਸਲਾ ਨਾ ਲੈਣ ਲਈ ਕਿਹਾ ਗਿਆ ਹੈ।


Share