ਮੁਲਤਾਨੀ ਅਗਵਾ ਮਾਮਲਾ: ਸੁਮੇਧ ਸੈਣੀ ਵੱਲੋਂ ਦਿੱਲੀ ‘ਚ ਕਿਸੇ ਰਸੂਖਦਾਰ ਦੇ ਘਰ ਪਨਾਹ ਲੈਣ ਦੇ ਚਰਚੇ

659

-ਸੈਣੀ ਭੱਜਣ ਦੀ ਥਾਂ ਆਤਮ ਸਮਰਪਣ ਕਰੇ: ਪੀਰ ਮੁਹੰਮਦ
ਐੱਸ.ਏ.ਐੱਸ. ਨਗਰ (ਮੁਹਾਲੀ), 6 ਅਗਸਤ (ਪੰਜਾਬ ਮੇਲ)- ਸਾਬਕਾ ਆਈ.ਏ.ਐੱਸ. ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ‘ਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਘਿਰੇ ਰਹੇ ਹਨ। ਤਿੰਨ ਦਹਾਕੇ ਪਹਿਲਾਂ ਐੱਸ.ਐੱਸ.ਪੀ. ਦੇ ਅਹੁਦੇ ‘ਤੇ ਤਾਇਨਾਤੀ ਦੌਰਾਨ ਉਹ ਸਿੱਖਾਂ ਅਤੇ ਖਾੜਕੂਵਾਦ ਲਹਿਰ ਦੇ ਨਿਸ਼ਾਨੇ ‘ਤੇ ਰਹੇ ਅਤੇ ਧੱਕੇਸ਼ਾਹੀ ਅਤੇ ਨਾ-ਇਨਸਾਫ਼ੀ ਦੇ ਦੋਸ਼ਾਂ ਨੇ ਉਨ੍ਹਾਂ ਦਾ ਡੀ.ਜੀ.ਪੀ. ਬਣਨ ਤੋਂ ਬਾਅਦ ਵੀ ਪਿੱਛਾ ਨਹੀਂ ਛੱਡਿਆ। ਆਮ ਲੋਕਾਂ ਅਤੇ ਵੱਡੇ ਵੱਡਿਆਂ ਨੂੰ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਵਾਲਾ ਇਹ ਸ਼ਖ਼ਸ ਅੱਜ ਖੁਦ ਉਸੇ ਕਾਨੂੰਨ ਦਾ ਭਗੌੜਾ ਹੋ ਗਿਆ ਹੈ। ਸੈਣੀ ਗ੍ਰਿਫ਼ਤਾਰੀ ਤੋਂ ਬਚਨ ਲਈ ਰੂਪੋਸ਼ ਹੈ। ਸਿਆਸੀ ਹਲਕਿਆਂ ‘ਚ ਚਰਚਾ ਹੈ ਕਿ ਸਾਬਕਾ ਡੀ.ਜੀ.ਪੀ. ਨੇ ਦਿੱਲੀ ਵਿਚ ਕਿਸੇ ਰਸੂਖਦਾਰ ਦੇ ਘਰ ਪਨਾਹ ਲਈ ਹੋਈ ਹੈ। ਹਾਲਾਂਕਿ ਇਸ ਸਬੰਧੀ ਕੋਈ ਵੀ ਅਧਿਕਾਰੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ। ਸੈਣੀ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ, ਕਹਿ ਕੇ ਗੱਲ ਨੂੰ ਟਾਲਿਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰਾ ਕਰਨੈਲ ਸਿੰਘ ਪੀਰ ਮੁਹੰਮਦ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਐੱਸ.ਜੀ.ਪੀ.ਸੀ. ਦੇ ਸਾਬਕਾ ਮੈਂਬਰ ਮੱਖਣ ਸਿੰਘ ਨੰਗਲ ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ ਗੁਰਸੇਵ ਸਿੰਘ ਹਰਪਾਲਪੁਰ ਨੇ ਕਿਹਾ ਕਿ ਸੈਣੀ ਮਾਮਲੇ ‘ਚ ਪੁਲਿਸ ਮਹਿਜ਼ ਖਾਨਾਪੂਰਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੈਣੀ ਖ਼ਿਲਾਫ਼ ਗੰਭੀਰ ਦੋਸ਼ ਹਨ। ਲਿਹਾਜ਼ਾ ਉਨ੍ਹਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖ਼ੁਦ ਨੂੰ ਕਾਨੂੰਨ ਦਾ ਰਖਵਾਲਾ ਅਖਵਾਉਣ ਵਾਲੇ ਸੁਮੇਧ ਸੈਣੀ ਨੂੰ ਅਦਾਲਤ ਜਾਂ ਪੁਲਿਸ ਕੋਲ ਆਤਮ ਸਮਰਪਣ ਕਰਕੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ।