ਮੁਲਤਾਨੀ ਅਗਵਾ ਕੇਸ: ਸੁਮੇਧ ਸੈਣੀ ਦੀ ਭਾਲ ‘ਚ ਪੰਜਾਬ ਪੁਲਿਸ ਤੇ ਖੁਫੀਆ ਤੰਤਰ ਵੀ ਨਾਕਾਮ!

611
Share

ਐੱਸ.ਏ.ਐੱਸ. ਨਗਰ (ਮੁਹਾਲੀ), 13 ਸਤੰਬਰ (ਪੰਜਾਬ ਮੇਲ)- ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇ.ਈ.) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ‘ਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੇ ਗ੍ਰਿਫ਼ਤਾਰ ਵਾਰੰਟ ਜਾਰੀ ਹੋਣ ਤੋਂ ਬਾਅਦ ਮੁਹਾਲੀ ਪੁਲਿਸ ਨੇ ਉਸ ਦੀ ਭਾਲ ਤੇਜ਼ ਕਰ ਦਿੱਤੀ ਹੈ ਪ੍ਰੰਤੂ ਹਾਲੇ ਤੱਕ ਪੁਲਿਸ ਨੂੰ ਸੈਣੀ ਦੀ ਮੌਜੂਦਗੀ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਸਿੱਟ ਮੈਂਬਰ ਨੇ ਦੱਸਿਆ ਕਿ ਐਤਵਾਰ ਨੂੰ ਸਾਬਕਾ ਡੀ.ਜੀ.ਪੀ. ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ‘ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਖੁਫ਼ੀਆ ਤੰਤਰ ਵੀ ਖਾਲੀ ਹੱਥ ਹੈ। ਸੈਣੀ ਦੀ ਚੰਡੀਗੜ੍ਹ ਅਤੇ ਦਿੱਲੀ ਸਥਿਤ ਰਿਹਾਇਸ਼ ਸਮੇਤ ਹੋਰ ਥਾਵਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ ਪਰ ਐਨੇ ਦਿਨਾਂ ਬਾਅਦ ਵੀ ਪੁਲਿਸ ਨੂੰ ਸੈਣੀ ਨਜ਼ਰ ਨਹੀਂ ਆਇਆ। ਬਚਾਅ ਪੱਖ ਦੇ ਵਕੀਲ ਸਾਬਕਾ ਡੀ.ਜੀ.ਪੀ. ਦੀ ਅਗਾਊਂ ਜ਼ਮਾਨਤ ਪਟੀਸ਼ਨ ਵਿਚਲੀਆਂ ਤਰੁੱਟੀਆਂ ਦੂਰ ਕਰਨ ਵਿਚ ਲੱਗੇ ਹੋਏ ਹਨ। ਬੀਤੇ ਦਿਨੀਂ ਸੁਪਰੀਮ ਕੋਰਟ ਨੇ ਸੈਣੀ ਦੀ ਜ਼ਮਾਨਤ ਅਰਜ਼ੀ ਵਿਚ ਕਈ ਖ਼ਾਮੀਆਂ ਹੋਣ ਕਾਰਨ ਫਾਈਲ ਮੋੜ ਦਿੱਤੀ ਸੀ। ਸਾਬਕਾ ਡੀ.ਜੀ.ਪੀ. ਨੇ ਆਪਣੇ ਵਕੀਲਾਂ ਰਾਹੀਂ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਸਾਬਕਾ ਪੁਲਿਸ ਅਧਿਕਾਰੀ ਦੀ ਅਗਾਊਂ ਜ਼ਮਾਨਤ ਅਰਜ਼ੀ ਨਾਲ ਨੱਥੀ ਹਲਫ਼ਨਾਮਾ ਕਿਸੇ ਸਮਰਥ ਅਧਿਕਾਰੀ ਵੱਲੋਂ ਤਸਦੀਕ ਨਹੀਂ ਹੈ। ਇਸ ਤੋਂ ਇਲਾਵਾ ਪਟੀਸ਼ਨ ਵਿਚ ਹੋਰ ਵੀ ਕਈ ਤਰੁੱਟੀਆਂ ਸਨ। ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਨੇ ਦੱਸਿਆ ਕਿ ਸਰਕਾਰ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਕਿ ਹੈ ਕਿ ਸੈਣੀ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਦੌਰਾਨ ਰਾਜ ਨੂੰ ਵੀ ਸੁਣਿਆ ਜਾਵੇ।


Share