ਮੁਲਤਾਨੀ ਅਗਵਾ ਕਾਂਡ: 2 ਸਾਬਕਾ ਅਫ਼ਸਰਾਂ ਖ਼ਿਲਾਫ਼ ਗਵਾਹ ਨੂੰ ਧਮਕਾਉਣ ਦਾ ਹੋਰ ਵੱਖਰਾ ਕੇਸ ਦਰਜ

317
Share

-ਡੀ.ਜੀ.ਪੀ. ਸੁਮੇਧ ਸੈਣੀ ਖਿਲਾਫ ਮੁਹਾਲੀ ਦੇ ਥਾਣੇ ‘ਚ ਦਰਜ ਮਾਮਲੇ ‘ਚ ਨਾਮਜ਼ਦ ਹਨ ਦੋਵੇਂ ਸੇਵਾਮੁਕਤ ਇੰਸਪੈਕਟਰ
ਐੱਸਏਐੱਸ ਨਗਰ (ਮੁਹਾਲੀ), 28 ਜੁਲਾਈ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ‘ਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਚਰਚਿਤ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ ਵਿਚ ਦਰਜ ਅਪਰਾਧਿਕ ਮਾਮਲੇ ਵਿਚ ਨਾਮਜ਼ਦ ਚੰਡੀਗੜ੍ਹ ਪੁਲਿਸ ਦੇ ਦੋ ਸੇਵਾਮੁਕਤ ਇੰਸਪੈਕਟਰਾਂ ਅਨੋਖ ਸਿੰਘ ਵਾਸੀ ਸੈਕਟਰ-21 ਅਤੇ ਜਗੀਰ ਸਿੰਘ ਵਾਸੀ ਸੈਕਟਰ-51 ਦੇ ਖ਼ਿਲਾਫ਼ ਗਵਾਹ ਨੂੰ ਧਮਕਾਉਣ ਦਾ ਹੋਰ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਪੰਜਾਬ ਪੁਲਿਸ ਦੇ ਸਾਬਕਾ ਚਰਚਿਤ ਅਧਿਕਾਰੀ ਗੁਰਮੀਤ ਸਿੰਘ ਉਰਫ਼ ਪਿੰਕੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਹਾਲਾਂਕਿ ਪੁਲਿਸ ਨੇ ਦੋਵੇਂ ਸਾਬਕਾ ਇੰਸਪੈਕਟਰਾਂ ਖ਼ਿਲਾਫ਼ ਧਾਰਾ 195ਏ ਅਤੇ 500 ਤਹਿਤ ਕੇਸ ਦਰਜ ਕਰ ਲਿਆ ਹੈ ਪਰ ਇਸ ਬਾਰੇ ਕੋਈ ਵੀ ਵੱਡਾ ਜਾਂ ਛੋਟਾ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ। ਅੱਜ ਇੱਥੇ ਗੁਰਮੀਤ ਸਿੰਘ ਪਿੰਕੀ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਲਾਂਡਰਾਂ ਨੇੜੇ ਆਪਣੇ ਪਿੱਗ ਫਾਰਮ ‘ਤੇ ਮੌਜੂਦ ਸੀ। ਅਨੋਖ ਸਿੰਘ ਉਸ ਦਾ ਪੁਰਾਣਾ ਦੋਸਤ ਹੈ, ਜੋ ਉਸ ਨੂੰ ਕਹਿਣ ਲੱਗਾ ਕਿ ਉਹ ਵੀ ਇੱਥੇ ਆਪਣੀ ਜ਼ਮੀਨ ਵਿਚ ਫਾਰਮ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਦੀਆਂ ਫਾਰਮ ‘ਤੇ ਬੈਠ ਕੇ ਗੱਲਬਾਤਾਂ ਹੋਈਆਂ ਪ੍ਰੰਤੂ ਇਸ ਦੌਰਾਨ ਉਸ ਨੇ ਚਲਾਕੀ ਨਾਲ ਰਿਕਾਰਡਿੰਗ ਸ਼ੁਰੂ ਕਰ ਦਿੱਤੀ, ਜੋ ਬਾਅਦ ਵਿਚ ਉਸ ਨੇ ਕਿਸੇ ਮੀਡੀਆ ਕਰਮੀ ਨੂੰ ਦੇ ਦਿੱਤੀ। ਇਸ ਮਗਰੋਂ ਅਨੋਖ ਸਿੰਘ ਅਤੇ ਜਗੀਰ ਸਿੰਘ ਦੋਵੇਂ ਉਸ ਕੋਲ ਆਏ ਅਤੇ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਸੈਣੀ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਜੇ ਆਪਣੀ ਗਵਾਹੀ ਤੋਂ ਬਾਜ਼ ਨਹੀਂ ਆਏ ਤਾਂ ਉਸ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਨੇ ਪੈਣਗੇ। ਇਨ੍ਹਾਂ ਧਮਕੀਆਂ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ। ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ (ਅਨੋਖ ਸਿੰਘ ਤੇ ਜਗੀਰ ਸਿੰਘ) ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ।
ਦੱਸਣਯੋਗ ਹੈ ਕਿ ਮੁਹਾਲੀ ਅਦਾਲਤ ਨੇ ਸੈਣੀ ਮਾਮਲੇ ਵਿਚ ਨਾਮਜ਼ਦ ਯੂ.ਟੀ. ਪੁਲਿਸ ਦੇ ਚਾਰ ਸਾਬਕਾ ਇੰਸਪੈਕਟਰਾਂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰਦਿਆਂ ਉਨ੍ਹਾਂ ਨੂੰ ਸਪੱਸ਼ਟ ਤੌਰ ‘ਤੇ ਨਿਰਦੇਸ਼ ਦਿੱਤੇ ਸਨ ਕਿ ਜ਼ਮਾਨਤ ਪੀਰੀਅਡ ਦੌਰਾਨ ਉਹ ਸ਼ਿਕਾਇਤ ਕਰਤਾ, ਗਵਾਹ ਜਾਂ ਹੋਰ ਕਿਸੇ ਨੂੰ ਡਰਾਉਣ ਧਮਕਾਉਣ ਜਾਂ ਲਾਲਚ ਦੇਣ ਦੀ ਕੋਸ਼ਿਸ਼ ਨਹੀਂ ਕਰਨਗੇ, ਪ੍ਰੰਤੂ ਉਕਤ ਦੋਵੇਂ ਸਾਬਕਾ ਅਧਿਕਾਰੀਆਂ ਨੇ ਗਵਾਹ ਪਿੰਕੀ ਨੂੰ ਧਮਕਾ ਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਆਪਣਾ ਪਾਸਪੋਰਟ ਪੁਲਿਸ ਕੋਲ ਜਮ੍ਹਾ ਕਰਵਾਉਣ ਅਤੇ ਜਾਂਚ ਵਿਚ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਲਈ ਪਾਬੰਦ ਕੀਤਾ ਸੀ। ਇਹ ਵੀ ਹੁਕਮ ਦਿੱਤੇ ਸੀ ਕਿ ਉਹ ਅਦਾਲਤ ਦੀ ਪ੍ਰਵਾਨਗੀ ਤੋਂ ਬਿਨਾਂ ਦੇਸ਼ ਛੱਡ ਕੇ ਨਹੀਂ ਜਾ ਸਕਣਗੇ।
ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ (ਨਵੀਂ ਅਦਾਲਤ) ‘ਚ 30 ਜੁਲਾਈ ਨੂੰ ਯੂ.ਟੀ. ਪੁਲਿਸ ਦੇ ਦੋਵੇਂ ਸੇਵਾਮੁਕਤ ਇੰਸਪੈਕਟਰਾਂ ਅਨੋਖ ਸਿੰਘ ਅਤੇ ਜਗੀਰ ਸਿੰਘ ਨੂੰ ਪੱਕੀ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਹੋਵੇਗੀ। ਇਹ ਦੋਵੇਂ ਸਾਬਕਾ ਅਧਿਕਾਰੀ ਚੰਡੀਗੜ੍ਹ ‘ਚ ਸੁਮੇਧ ਸੈਣੀ ਨਾਲ ਤਾਇਨਾਤ ਰਹੇ ਹਨ।


Share