ਮੁਜ਼ੱਫ਼ਰਨਗਰ ‘ਮਹਾਪੰਚਾਇਤ’ ’ਚ ਆਇਆ ਕਿਸਾਨਾਂ ਦਾ ਹੜ੍ਹ

527

ਮੁਜ਼ੱਫਰਨਗਰ, 29 ਜਨਵਰੀ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੀ ਅਗਵਾਈ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਰੱਖੀ ਗਈ ‘ਮਹਾਪੰਚਾਇਤ’ ਵਿਚ ਹਜ਼ਾਰਾਂ ਕਿਸਾਨ ਇਕੱਠੇ ਹੋ ਗਏ। ਜਥੇਬੰਦੀ ਦਾ ਰੋਸ ਧਰਨਾ ਪਹਿਲਾਂ ਹੀ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ’ਤੇ ਗਾਜ਼ੀਪੁਰ ਵਿਚ ਚੱਲ ਰਿਹਾ ਹੈ। ਗਾਜ਼ੀਪੁਰ ਵਿਚ ਵੀਰਵਾਰ ਬੀਕੇਯੂ ਆਗੂ ਰਾਕੇਸ਼ ਟਿਕੈਤ ਦੇ ਭਾਵੁਕ ਹੋ ਕੇ ਰੋਣ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਦੋ ਮਹੀਨਿਆਂ ਤੋਂ ਦਿੱਲੀ ਦੀ ਹੱਦ ਉਤੇ ਬੈਠੇ ਕਿਸਾਨਾਂ ਨੂੰ ਜਬਰੀ ਹਟਾਏ ਜਾਣ ਦੀਆਂ ਸੂਚਨਾਵਾਂ ਫੈਲਣ ਤੋਂ ਬਾਅਦ ਅੱਜ ਲੱਗਿਆ ਜਿਵੇਂ ਸਾਰੇ ਮਾਰਗ ਪੱਛਮੀ ਯੂਪੀ ਦੇ ਮੁਜ਼ੱਫਰਨਗਰ ਵੱਲ ਹੀ ਜਾ ਰਹੇ ਹੋਣ। ਮਹਾਵੀਰ ਚੌਕ ਲਾਗੇ ਜੀਆਈਸੀ ਮੈਦਾਨ ਪੂਰਾ ਭਰ ਗਿਆ ਤੇ ਲੋਕਾਂ ਦਾ ਹੜ੍ਹ ਆ ਗਿਆ। ਇਨ੍ਹਾਂ ਸਾਰਿਆਂ ਨੇ ਗਾਜ਼ੀਪੁਰ ਵਿਚ ਯੂਪੀ ਗੇਟ ਉਤੇ ਬੈਠੇ ਮੁਜ਼ਾਹਰਾਕਾਰੀਆਂ ਦੇ ਹੱਕ ਵਿਚ ਨਾਅਰੇ ਮਾਰੇ। ਉਧਰ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਆਗੂ ਅਜੀਤ ਸਿੰਘ ਨੇ ਵੀ ਬੀਕੇਯੂ ਨੂੰ ਸਮਰਥਨ ਦਿੱਤਾ ਤੇ ਉਨ੍ਹਾਂ ਦੇ ਪੁੱਤਰ ਜੈਯੰਤ ਚੌਧਰੀ ਨੇ ਵੀ ‘ਮਹਾਪੰਚਾਇਤ’ ਵਿਚ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਟਿਕੈਤ ਭਰਾ ਉੱਘੇ ਕਿਸਾਨ ਆਗੂ ਮਹੇਂਦਰ ਟਿਕੈਤ ਦੇ ਬੇਟੇ ਹਨ।ਗਾਜ਼ੀਪੁਰ ਬਾਰਡਰ ’ਤੇ ਅੱਜ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਵੀ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਦਲਿਤ ਸੰਗਠਨ ਕਿਸਾਨ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਮਦਦ ਕਰੇਗਾ।