ਮੁਕੇਰੀਆਂ ’ਚ ਖੇਤੀ ਕਾਨੂੰਨਾਂ ਦਾ ਲਾਭ ਸੁਣਨ ਆਏ ਭਾਜਪਾ ਵਰਕਰ ਕਿਸਾਨੀ ਰੋਹ ਕਾਰਨ ਕੰਧਾਂ ਟੱਪ ਨੱਸੇ

530
Share

ਮੁਕੇਰੀਆਂ, 25 ਦਸੰਬਰ (ਪੰਜਾਬ ਮੇਲ)- ਇਥੋਂ ਦੇ ਪੈਲੇਸ ਵਿਚ ਭਾਜਪਾ ਵਲੋਂ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਖੇਤੀ ਕਾਨੂੰਨਾਂ ਦਾ ਲਾਭ ਸੁਣਨ ਆਏ ਕਾਰਕੁਨਾਂ ਨੂੰ ਕਿਸਾਨੀ ਰੋਹ ਕਾਰਨ ਪੈਲੇਸ ਦੀਆਂ ਕੰਧਾਂ ਟੱਪ ਕੇ ਭੱਜਣਾ ਪਿਆ। ਇਸ ਮੌਕੇ ਪੈਲੇਸ ਦਾ ਵਿਰੋਧ ਕਰ ਰਹੇ ਕਿਸਾਨਾ ਕੋਲੋਂ ਹਲਕਾ ਵਿਧਾਇਕਾ ਬੀਬੀ ਇੰਦੂ ਬਾਲਾ ਦੇ ਆਪਣੀ ਗੱਡੀ ’ਚ ਚੁੱਪ ਚਪੀਤੇ ਨਿਕਲ ਜਾਣ ਖ਼ਿਲਾਫ਼ ਕਿਸਾਨਾਂ ਵਿਚ ਰੋਸ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਕਾਂਗਰਸ ਤੇ ਪੁਲਿਸ ਅਧਿਕਾਰੀਆਂ ਨੇ ਭਾਜਪਾਈਆਂ ਨਾਲ ਆਪਣੀ ਪੁਰਾਣੀ ਸਾਂਝ ਪੁਗਾਈ ਹੈ ਅਤੇ ਭਾਜਪਾ ਦੇ ਸਮਾਗਮ ਨੂੰ ਸੁਰੱਖਿਅਤ ਰੱਖਦਿਆਂ ਵਿਰੋਧ ਕਰਨ ਆਏ ਕਿਸਾਨਾਂ ਨੂੰ ਖੁਦ ਡੀਐੱਸਪੀ ਦੀ ਅਗਵਾਈ ਵਾਲੀ ਟੀਮ ਨੇ ਰਸਤੇ ’ਚ ਵਾਰ-ਵਾਰ ਰੋਕਿਆ, ਜਿਸ ਕਾਰਨ ਕਿਸਾਨਾਂ ਨੂੰ ਖੇਤਾਂ ਵਿਚੋਂ ਦੀ ਹੋ ਕੇ ਪੈਲੇਸ ਤੱਕ ਪੁੱਜਣਾ ਪਿਆ। ਐੱਸ.ਪੀ. ਧਰਮਵੀਰ ਸਿੰਘ ਨੇ ਪੁਲਿਸ ’ਤੇ ਲੱਗੇ ਦੋਸ਼ਾਂ ਨੂੰ ਰੱਦ ਕੀਤਾ ਹੈ। ਭਾਜਪਾ ਨੇ ਅੱਜ ਸ਼ਰਧਾਂਜਲੀ ਸਮਾਗਮ ਜ਼ਰੀਏ ਖੇਤੀ ਕਾਨੂੰਨਾਂ ਦਾ ਲਾਹਾ ਦੱਸਣ ਲਈ ਪਿੰਡ ਬਹਿਬਲਮੰਝ ਤੇ ਸ਼ਹਿਰ ਦੇ ਪੈਲੇਸ ਵਿਚ ਕਾਰਕੁਨ ਸਮਾਗਮ ਰੱਖਿਆ ਹੋਇਆ ਸੀ। ਸਵੇਰੇ ਟੌਲ ਪਲਾਜ਼ਾ ’ਤੇ ਇਕੱਤਰ ਹੋਏ ਕਿਸਾਨਾਂ ਨੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਸਤਨਾਮ ਸਿੰਘ ਬਾਗੜੀਆਂ ਤੇ ਜੱਟ ਮਹਾਂਸਭਾ ਦੇ ਆਗੂ ਸਤਨਾਮ ਸਿੰਘ ਚੀਮਾ ਦੀ ਅਗਵਾਈ ਵਿਚ ਪਿੰਡ ਬਹਿਬਲਮੰਝ ਵੱਲ ਕੂਚ ਕੀਤਾ ਅਤੇ ਕਿਸਾਨੀ ਵਿਰੋਧ ਕਾਰਨ ਇਹ ਸਮਾਗਮ ਵਿਚਾਲੇ ਛੱਡਣਾ ਪਿਆ। ਇਸ ਉਪਰੰਤ ਜਦੋਂ ਕਿਸਾਨਾਂ ਨੇ ਸ਼ਹਿਰ ਦੇ ਪੈਲੇਸ ਵਿਚਲੇ ਸਮਾਗਮ ਦਾ ਵਿਰੋਧ ਕਰਨ ਲਈ ਚਾਲੇ ਪਾਏ ਤਾਂ ਡੀ.ਐੱਸ.ਪੀ. ਮੁਕੇਰੀਆ ਰਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਕਥਿਤ ਤੌਰ ’ਤੇ ਕਿਸਾਨਾਂ ਦੇ ਕਾਫਲੇ ਨੂੰ ਵਾਰ-ਵਾਰ ਰੋਕੀ ਰੱਖਿਆ ਅਤੇ ਕਿਸਾਨ ਖੇਤਾਂ ਵਿਚੋਂ ਦੀ ਘੁੰਮ ਕੇ ਪੈਲੇਸ ਦੇ ਬਾਹਰ ਪੁੱਜੇ। ਇੱਥੇ ਸਮਾਗਮ ਦੀ ਸੁਰੱਖਿਆ ਲਈ ਐੱਸ.ਪੀ. ਧਰਮਵੀਰ ਸਿੰਘ ਦੀ ਅਗਵਾਈ ਵਿਚ ਤਾਇਨਾਤ ਡੀ.ਐੱਸ.ਪੀ. ਮੁਨੀਸ਼ ਕੁਮਾਰ ਤੇ ਡੀ.ਐੱਸ.ਪੀ. ਅਮਰਨਾਥ ਦੀ ਟੀਮ ਨੇ ਕਿਸਾਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਜਦੋਂਕਿ ਸਮਾਗਮ ਦੀ ਅਗਵਾਈ ਕਰਨ ਵਾਲੇ ਸਾਬਕਾ ਮੰਤਰੀ ਅਰੁਨੇਸ਼ ਸ਼ਾਕਰ ਤੇ ਹਲਕਾ ਇੰਚਾਰਜ ਜੰਗੀ ਲਾਲ ਮਹਾਜ਼ਨ ਦਰਜ਼ਨ ਕੁ ਕਾਰਕੁਨਾਂ ਸਮੇਤ ਪਹਿਲਾਂ ਹੀ ਸਮਾਗਮ ਵਾਲੀ ਥਾਂ ਤੋਂ ਜਾ ਚੁੱਕੇ ਸਨ। ਵਿਰੋਧ ਕਰਦੇ ਹੋਏ ਕਿਸਾਨ ਜਦੋਂ ਪੈਲੇਸ ਅੰਦਰ ਵੜ੍ਹੇ ਤਾਂ ਅੰਦਰ ਰਹਿੰਦੇ ਭਾਜਪਾ ਕਾਰਕੁਨਾਂ ਪੈਲੇਸ ਦੀਆਂ ਕੰਧਾਂ ਟੱਪਦੇ ਹੋਏ ਖੇਤਾਂ ਵਿਚ ਦੀ ਭੱਜ ਗਏ।

Share