-ਇੰਡੀਅਨ ਵੂਮੈੱਨ ਪ੍ਰੈੱਸ ਕੋਰਪਸ, ਪ੍ਰੈੱਸ ਕਲੱਬ ਆਫ਼ ਇੰਡੀਆ ਤੇ ਪ੍ਰੈੱਸ ਕਲੱਬ ਐਸੋਸੀਏਸ਼ਨ ਵੱਲੋਂ ਪੁਲਿਸ ਕਾਰਵਾਈ ਦੀ ਨਿਖੇਧੀ
ਨਵੀਂ ਦਿੱਲੀ, 31 ਜਨਵਰੀ (ਪੰਜਾਬ ਮੇਲ)- ਮੀਡੀਆ ਸੰਸਥਾਵਾਂ ਨੇ ਦਿੱਲੀ ਦੇ ਸਿੰਘੂ ਬਾਰਡਰ ’ਤੇ ਪੁਲਿਸ ਮੁਲਾਜ਼ਮਾਂ ਨਾਲ ਕਥਿਤ ਦੁਰਵਿਵਹਾਰ ਦੇ ਦੋਸ਼ ਹੇਠ ਦੋ ਪੱਤਰਕਾਰਾਂ ਨੂੰ ਗਿ੍ਰਫ਼ਤਾਰ ਕਰਨ ’ਤੇ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਮੀਡੀਆ ਦੀ ਨਿਰਪੱਖ ਪੱਤਰਕਾਰੀ ’ਤੇ ਲਗਾਮ ਕੱਸਣ ਅਤੇ ਵਿਚਾਰਾਂ ਨੂੰ ਪ੍ਰਗਟਾਉਣ ਦੇ ਅਧਿਕਾਰ ’ਚ ਦਖ਼ਲਅੰਦਾਜ਼ੀ ਲਈ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਵੱਲੋਂ ਸ਼ਨਿਚਰਵਾਰ ਸ਼ਾਮ ਫਰੀਲਾਂਸਰ ਪੱਤਰਕਾਰ ਮਨਦੀਪ ਪੁਨੀਆ ਅਤੇ ਧਰਮੇਂਦਰ ਸਿੰਘ (ਆਨਲਾਈਨ ਨਿਊਜ਼ ਇੰਡੀਆ) ਨੂੰ ਡਿਊਟੀ ’ਤੇ ਹਾਜ਼ਰ ਪੁਲਿਸ ਮੁਲਾਜ਼ਮਾਂ ਨਾਲ ਦੁਰਵਿਵਹਾਰ ਦੇ ਦੋਸ਼ ਹੇਠ ਹਿਰਾਸਤ ’ਚ ਲਿਆ ਗਿਆ ਸੀ। ਜਦਕਿ ਧਰਮੇਂਦਰ ਸਿੰਘ ਨੂੰ ਬਾਅਦ ’ਚ ਰਿਹਾਅ ਕਰ ਦਿੱਤਾ ਗਿਆ। ਪੁਲਿਸ ਵੱਲੋਂ ਪੁਨੀਆ ਨੂੰ ਐਤਵਾਰ ਗਿ੍ਰਫ਼ਤਾਰ ਕੀਤਾ ਗਿਆ। ਇੰਡੀਅਨ ਵੂਮੈੱਨ ਪ੍ਰੈੱਸ ਕੋਰਪਸ, ਪ੍ਰੈੱਸ ਕਲੱਬ ਆਫ਼ ਇੰਡੀਆ ਅਤੇ ਪ੍ਰੈੱਸ ਕਲੱਬ ਐਸੋਸੀਏਸ਼ਨ ਨੇ ਪੁਨੀਆ ਦੀ ਰਿਹਾਈ ਮੰਗ ਕਰਦਿਆਂ ਕਿਹਾ ਕਿ ਕਿਸੇ ਵੀ ਜਗ੍ਹਾ ’ਤੇ ਆਪਣੀ ਡਿਊਟੀ ਦੌਰਾਨ ਕਰਵੇਜ ਕਰਦੇ ਕਿਸੇ ਵੀ ਪੱਤਰਕਾਰ ਦੇ ਕੰਮ ’ਚ ਰੁਕਾਵਟ ਨਹੀਂ ਪਾਈ ਜਾਣੀ ਚਾਹੀਦੀ।