ਮਿਸੀਸਿਪੀ ਵੱਲੋਂ ਕੋਰੋਨਾਵਾਇਰਸ ਪਾਜ਼ੀਟਿਵ ਲੋਕਾਂ ਨੂੰ ਇਕਾਂਤਵਾਸ ਜਾਂ ਜੇਲ੍ਹ ਦੀ ਸਜ਼ਾ ਦੇ ਆਦੇਸ਼

380
Share

ਫਰਿਜ਼ਨੋ, 24 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਮਿਸੀਸਿਪੀ ਸਟੇਟ ਦਾ ਪ੍ਰਸ਼ਾਸਨ ਕੋਰੋਨਾਵਾਇਰਸ ਦੀ ਲਾਗ ਨੂੰ ਠੱਲ੍ਹ ਪਾਉਣ ਲਈ ਸਖਤੀ ਭਰਿਆ ਵਤੀਰਾ ਅਪਣਾ ਰਿਹਾ ਹੈ। ਮਿਸੀਸਿਪੀ ਸਟੇਟ ਡਿਪਾਰਟਮੈਂਟ ਆਫ ਹੈਲਥ ਨੇ ਸ਼ੁੱਕਰਵਾਰ ਨੂੰ ਇੱਕ ਚੇਤਾਵਨੀ ਜਾਰੀ ਕਰਦਿਆਂ, ਕਿਸੇ ਵੀ ਕੋਰੋਨਾਵਾਇਰਸ ਪਾਜ਼ੀਟਿਵ ਵਿਅਕਤੀਆਂ ਨੂੰ ਘੱਟੋ-ਘੱਟ 10 ਦਿਨਾਂ ਲਈ ਇਕਾਂਤਵਾਸ ਹੋਣ ਜਾਂ 5 ਸਾਲ ਦੀ ਕੈਦ ਅਤੇ 5,000 ਡਾਲਰ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨ ਦਾ ਆਦੇਸ਼ ਦਿੱਤੇ ਹਨ। ਮਿਸੀਸਿਪੀ ਵਿਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਕਾਰਨ ਇਹ ਆਦੇਸ਼ ਜਾਰੀ ਕੀਤਾ ਗਿਆ ਹੈ। ਸੂਬੇ ਵਿਚ ਨਵੇਂ ਮਾਮਲਿਆਂ ਦੀ 7 ਦਿਨਾਂ ਦੀ ਔਸਤ ਸ਼ੁੱਕਰਵਾਰ ਨੂੰ 4,316 ਤੱਕ ਦਰਜ ਕੀਤੀ ਗਈ ਹੈ। ਸਟੇਟ ਹੈਲਥ ਅਫਸਰ ਡਾ. ਥਾਮਸ ਡੌਬਸ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਨ੍ਹਾਂ ਆਦੇਸ਼ਾਂ ਅਨੁਸਾਰ ਕੋਵਿਡ-19 ਨਾਲ ਸੰਕਰਮਿਤ ਕਿਸੇ ਵੀ ਵਿਅਕਤੀ ਨੂੰ ਬਿਮਾਰੀ ਦੇ ਸ਼ੁਰੂ ਹੋਣ ਤੋਂ 10 ਦਿਨਾਂ ਤੱਕ ਘਰ ਜਾਂ ਹੋਰ ਢੁੱਕਵੀਂ ਰਿਹਾਇਸ਼ੀ ਜਗ੍ਹਾ ’ਤੇ ਰਹਿਣਾ ਚਾਹੀਦਾ ਹੈ। ਇਕੱਲਤਾ ਦੇ ਆਦੇਸ਼ ਦੀ ਪਾਲਣਾ ਨਾ ਕਰਨ ਦੇ ਨਤੀਜੇ ਵਜੋਂ 500 ਡਾਲਰ ਦਾ ਜੁਰਮਾਨਾ ਜਾਂ ਛੇ ਮਹੀਨਿਆਂ ਦੀ ਕੈਦ ਹੋ ਸਕਦੀ ਹੈ। ਕਿਉਂਕਿ ਕੋਵਿਡ-19 ਇੱਕ ਜਾਨਲੇਵਾ ਬਿਮਾਰੀ ਹੈ, ਇਸ ਲਈ ਇਹ ਸੰਭਾਵਿਤ ਸਜ਼ਾਵਾਂ 5,000 ਡਾਲਰ ਜਾਂ ਪੰਜ ਸਾਲ ਦੀ ਕੈਦ ਜਾਂ ਦੋਵੇਂ ਵੀ ਹੋ ਸਕਦੀਆਂ ਹਨ। ਰਾਜ ਦੇ ਸਿਹਤ ਅੰਕੜਿਆਂ ਦੇ ਅਨੁਸਾਰ, ਮਿਸੀਸਿਪੀ ਦੇ ਹਸਪਤਾਲਾਂ ਵਿਚ ਇਸ ਵੇਲੇ ਮਹਾਂਮਾਰੀ ਦੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਕੋਵਿਡ-19 ਮਰੀਜ਼ ਦਾਖਲ ਹਨ, ਜਿਸ ਤਹਿਤ ਬੁੱਧਵਾਰ ਤੱਕ ਤਕਰੀਬਨ 1,660 ਮਰੀਜ਼ ਹਸਪਤਾਲ ’ਚ ਦਾਖਲ ਸਨ, ਜਿਨ੍ਹਾਂ ਵਿਚੋਂ 457 ਆਈ.ਸੀ.ਯੂ. ਅਤੇ 324 ਵੈਂਟੀਲੇਟਰਾਂ ’ਤੇ ਸਨ। ਇਸ ਲਈ ਪ੍ਰਸ਼ਾਸਨ ਵੱਲੋਂ ਪੀੜਤ ਲੋਕਾਂ ਨੂੰ ਇਕਾਂਤਵਾਸ ’ਚ ਰਹਿਣ ਦੀ ਅਪੀਲ ਕੀਤੀ ਗਈ ਹੈ, ਤਾਂ ਕਿ ਲਾਗ ਦੇ ਵਾਧੇ ਨੂੰ ਰੋਕਿਆ ਜਾ ਸਕੇ।

Share