ਮਿਸੀਸਿਪੀ ਦੇ ਹਸਪਤਾਲ ਟੀਕਾਕਰਣ ਨਾ ਕਰਵਾਉਣ ਵਾਲੇ ਕੋਵਿਡ-19 ਮਰੀਜ਼ਾਂ ਨਾਲ ਭਰੇ

499
Share

ਸੈਕਰਾਮੈਂਟੋ 28 ਅਗਸਤ (ਹੁਸਨ ਲੜੋਆ ਬੰਗਾ//ਪੰਜਾਬ ਮੇਲ)- ਕੋਵਿਡ ਕਾਰਨ ਅਮਰੀਕਾ ਦੇ ਮਿਸੀਸਿੱਪੀ ਰਾਜ ਵਿਚ ਹਾਲਾਤ ਗੰਭੀਰ ਬਣੇ ਹੋਏ ਹਨ। ਰਾਜ ਦੇ ਹਸਪਤਾਲ ਕੋਵਿਡ-19 ਮਰੀਜ਼ਾਂ ਨਾਲ  ਭਰੇ ਪਏ ਹਨ। ਇਨਾਂ ਵਿਚ ਜਿਆਦਾਤਰ ਮਰੀਜ਼ ਉਹ ਹਨ ਜਿਨਾਂ ਨੇ ਕੋਵਿਡ-19 ਟੀਕਾਕਰਣ ਨਹੀਂ ਕਰਵਾਇਆ ਹੈ। ਕਈ ਮਰੀਜ਼ ਆਈ ਸੀ ਯੂ ਵਿਚ ਦਾਖਲ ਹਨ ਤੇ ਉਨਾਂ ਨੂੰ ਸਾਹ ਲੈਣ ਵਿਚ ਤਕਲੀਫ ਆ ਰਹੀ ਤੇ ਨੀਂਦ ਵੀ ਨਹੀਂ ਆ ਰਹੀ। ਹਾਲਤ ਇਹ ਬਣ ਗਏ ਹਨ ਕਿ ਹਸਪਤਾਲਾਂ ਦੀਆਂ ਨਰਸਾਂ ਆਪਣੇ ਆਪ ਨੂੰ ਕੋਵਿਡ-19 ਤੋਂ ਬਚਾਉਣ ਲਈ ਅਸਤੀਫੇ ਦੇ ਰਹੀਆਂ ਹਨ। ਅਮਰੀਕੀ ਸਿਹਤ ਤੇ ਮਾਨਵੀ ਸੇਵਾਵਾਂ ਬਾਰੇ ਵਿਭਾਗ ਅਨੁਸਾਰ ਮਿਸੀਸਿੱਪੀ ਵਿਚ ਕੁਲ 895 ਆਈ ਸੀ ਯੂ ਬੈੱਡ ਹਨ ਜਿਨਾਂ ਵਿਚੋਂ 92% ਭਰ ਚੁੱਕੇ ਹਨ ਤੇ ਇਨਾਂ ਵਿਚੋਂ 59% ਬੈੱਡ ਕੋਵਿਡ-19 ਮਰੀਜ਼ਾਂ ਨੇ ਮੱਲੇ ਹੋਏ ਹਨ। 29 ਜੁਲਾਈ ਤੋਂ 25 ਅਗਸਤ ਦਰਮਿਆਨ ਹਸਪਤਾਲਾਂ ਵਿਚ 90% ਮਰੀਜ਼ ਕੋਵਿਡ-19 ਦੇ ਆਏ ਹਨ ਤੇ 87% ਮੌਤਾਂ ਕੋਵਿਡ-19 ਕਾਰਨ ਹੋਈਆਂ ਹਨ। ਇਹ ਮੌਤਾਂ ਉਨਾਂ ਲੋਕਾਂ ਦੀਆਂ ਹੋਈਆਂ ਹਨ ਜਿਨਾਂ ਨੇ ਟੀਕਾਕਰਣ ਨਹੀਂ ਕਰਵਾਇਆ ਸੀ ਜਾਂ ਇਕ ਟੀਕਾ ਲਵਾਇਆ ਸੀ। ਕੇਵਲ 2% ਕੋਵਿਡ ਮਾਮਲੇ  ਟੀਕਾਕਰਣ ਕਰਵਾ ਚੁੱਕੇ ਲੋਕਾਂ ਨਾਲ ਸਬੰਧਤ ਹਨ।

ਹਸਪਤਾਲ ਵਿਚ ਦਾਖਲ ਜੈਕਸਨ ਕਾਊਂਟੀ, ਮਿਸੀਸਿੱਪੀ ਵਾਸੀ 82 ਸਾਲਾ ਬਜੁਰਗ ਡੌਲੀ ਮੋਨਸਔਕਸ ਜਿਸ ਦੇ ਆਕਸੀਜਨ ਲੱਗੀ ਹੋਈ ਸੀ, ਨੇ ਦਸਿਆ ਕਿ ਜਦੋਂ ਉਹ ਕੋਵਿਡ-19 ਦੀ ਗ੍ਰਿਫਤ ਵਿਚ ਆਈ ਸੀ ਤਾਂ ਉਸ ਨੇ ਟੀਕਾਕਰਣ ਨਹੀਂ ਕਰਵਾਇਆ ਸੀ। ਉਸ ਨੇ ਕਿਹਾ ਕਿ ਹਾਲਾਂ ਕਿ ਮੇਰੇ ਮਰਨ ਜਾਂ ਜੀਣ ਬਾਰੇ ਪਤਾ ਨਹੀਂ ਹੈ ਪਰੰਤੂ ਜੇਕਰ ਮੈਨੂੰ ਆਪਣੇ ਪਰਿਵਾਰ ਨਾਲ ਮਿਲਣ ਦਾ ਮੌਕਾ ਮਿਲਿਆ ਤਾਂ ਮੈ ਉਨਾਂ ਨੂੰ ਸਭ ਤੋਂ ਪਹਿਲਾਂ ਟੀਕਾਕਰਣ ਕਰਵਾਉਣ ਲਈ ਕਹਾਂਗੀ।


Share