ਮਿਸੀਸਾਗਾ ਦੇ ਗੈਸ ਸਟੇਸ਼ਨ ‘ਤੇ ਕਤਲ ਕੀਤੀ ਪੰਜਾਬੀ ਕੁੜੀ ਦੇ ਮਾਪਿਆਂ ਵੱਲੋਂ ਇਨਸਾਫ ਦੀ ਮੰਗ

52

ਮਿਸੀਸਾਗਾ, 8 ਦਸੰਬਰ (ਪੰਜਾਬ ਮੇਲ)-ਸ਼ਨਿੱਚਰਵਾਰ ਨੂੰ ਮਿਸੀਸਾਗਾ ਦੇ ਗੈਸ ਸਟੇਸ਼ਨ ‘ਤੇ ਜਿਸ 21 ਸਾਲਾ ਪੰਜਾਬੀ ਲੜਕੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ, ਉਸ ਦੇ ਪੰਜਾਬ ਸਥਿਤ ਮਾਪਿਆਂ ਦਾ ਕਹਿਣਾ ਹੈ ਕਿ ਟੀਨੇਜਰ ਵਜੋਂ ਆਪਣੀ ਲੜਕੀ ਨੂੰ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਭੇਜਣ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਹੈ।
ਉਨ੍ਹਾਂ ਆਖਿਆ ਕਿ ਆਪਣੀ ਬੇਟੀ ਪਵਨਪ੍ਰੀਤ ਕੌਰ ਨੂੰ ਬਿਹਤਰ ਜ਼ਿੰਦਗੀ ਤੇ ਨਵੇਂ ਮੌਕੇ ਦੇਣ ਦੇ ਜਿਹੜੇ ਸੁਪਨੇ ਉਨ੍ਹਾਂ ਵੇਖੇ ਸਨ, ਉਹ ਕ੍ਰੈਡਿਟਵਿਊ ਤੇ ਬ੍ਰਿਟੇਨੀਆ ਰੋਡਜ਼ ‘ਤੇ ਸਥਿਤ ਪੈਟਰੋ ਕੈਨੇਡਾ ਸਟੇਸ਼ਨ ‘ਤੇ ਉਸ ਨੂੰ ਮਾਰੇ ਜਾਣ ਨਾਲ ਬੁਰੀ ਤਰ੍ਹਾਂ ਟੁੱਟ ਗਏ ਹਨ। ਪੁਲਿਸ ਨੇ ਦੱਸਿਆ ਕਿ ਪਵਨਪ੍ਰੀਤ ਗੈਸ ਸਟੇਸ਼ਨ ‘ਤੇ ਰਾਤ ਦੀ ਸ਼ਿਫਟ ਵਿਚ ਕੰਮ ਕਰ ਰਹੀ ਸੀ, ਜਦੋਂ ਇਹ ਘਟਨਾ ਵਾਪਰੀ। ਮੀਡੀਆ ਨਾਲ ਗੱਲ ਕਰਦਿਆਂ ਪਵਨਪ੍ਰੀਤ ਦੀ ਮਾਂ ਜਸਵੀਰ ਕੌਰ ਨੇ ਆਖਿਆ ਕਿ ਸਾਨੂੰ ਕਦੇ ਵੀ ਆਪਣੀ ਬੱਚੀ ਨੂੰ ਪੜ੍ਹਾਈ ਲਈ ਕੈਨੇਡਾ ਨਹੀਂ ਸੀ ਭੇਜਣਾ ਚਾਹੀਦਾ, ਸਗੋਂ ਆਪਣੇ ਕੋਲ ਹੀ ਰੱਖਣਾ ਚਾਹੀਦਾ ਸੀ।
ਉਸ ਦੇ ਪਿਤਾ ਦਵਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਇਹ ਆਸ ਕੀਤੀ ਸੀ ਕਿ ਉਨ੍ਹਾਂ ਦੀ ਬੱਚੀ ਮਿਆਰੀ ਸਿੱਖਿਆ ਹਾਸਲ ਕਰ ਸਕੇਗੀ ਤੇ ਆਪਣੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਵੀ ਆਪਣੇ ਨਾਲ ਲਿਜਾ ਸਕੇਗੀ। ਜਦੋਂ ਉਹ 18 ਸਾਲ ਦੀ ਸੀ, ਤਾਂ ਉਦੋਂ ਹੀ ਉਨ੍ਹਾਂ ਉਸ ਨੂੰ ਕੈਨੇਡਾ ਭੇਜ ਦਿੱਤਾ ਸੀ ਤੇ ਇਸ ਗੱਲ ਦਾ ਉਨ੍ਹਾਂ ਨੂੰ ਹੁਣ ਬਹੁਤ ਪਛਤਾਵਾ ਹੈ। ਪਵਨਪ੍ਰੀਤ ਦੀ ਮਾਂ ਨੇ ਦੱਸਿਆ ਕਿ ਪਹਿਲਾਂ ਪੁਲਿਸ ਨੇ ਬਰੈਂਪਟਨ ਸਥਿਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਉਸ ਦੀ ਮੌਤ ਦੀ ਖਬਰ ਦਿੱਤੀ ਤੇ ਫਿਰ ਪੰਜਾਬ ਵਿਚ ਉਨ੍ਹਾਂ ਨੂੰ ਇਹ ਖਬਰ ਮਿਲੀ। ਪਵਨਪ੍ਰੀਤ ਦੇ ਮਾਪਿਆਂ ਨੇ ਜਲਦ ਤੋਂ ਜਲਦ ਇਨਸਾਫ ਦਿਵਾਉਣ ਦੀ ਮੰਗ ਵੀ ਕੀਤੀ।
ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਮਸ਼ਕੂਕ ਨੂੰ ਪੈਦਲ ਜਾਂਦਿਆਂ ਤੇ ਫਿਰ ਬਾਈਸਾਈਕਲ ‘ਤੇ ਜਾਂਦਿਆਂ ਵੇਖਿਆ ਗਿਆ ਸੀ। ਪੁਲਿਸ ਵੱਲੋਂ ਬਾਈਸਾਈਕਲ ਦੀ ਫੋਟੋ ਵੀ ਜਾਰੀ ਕੀਤੀ ਗਈ ਹੈ। ਇਹ ਸਾਈਕਲ ਪੁਲਿਸ ਨੇ ਬਰਾਮਦ ਕਰ ਲਈ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਵੀ ਚੋਰੀ ਕੀਤੀ ਗਈ ਹੋ ਸਕਦੀ ਹੈ। ਇਹ ਨਾਭੀ ਰੰਗ ਦੀ ਸਪੋਰਟੈਕ ਰਿੱਜਰਨਰ ਹੈ, ਜੋ ਕਿ ਇਕ ਮਾਊਨਟੇਨ ਬਾਈਕ ਹੈ। ਪੁਲਿਸ ਨੇ ਇਸ ਤਰ੍ਹਾਂ ਦੀ ਬਾਈਸਾਈਕਲ ਬਾਰੇ ਜਨਤਾ ਨੂੰ ਆਖਿਆ ਹੈ ਕਿ ਜੇ ਇਹ ਚੋਰੀ ਹੋਈ ਹੈ, ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਸੋਮਵਾਰ ਰਾਤ ਨੂੰ ਪੁਲਿਸ ਨੇ ਮਸ਼ਕੂਕ ਦੇ ਸਬੰਧ ਵਿਚ ਹੋਰ ਵੇਰਵੇ ਵੀ ਸਾਂਝੇ ਕੀਤੇ।
ਪੁਲਿਸ ਨੇ ਦੱਸਿਆ ਕਿ ਮਸ਼ਕੂਕ ਨੇ ਲੰਮੀ ਸਿਆਲਾਂ ਵਾਲੀ ਜੈਕੇਟ ਪਾਈ ਹੋਈ ਸੀ, ਜਿਸ ਦੇ ਹੁੱਡ ਵੀ ਸੀ, ਉਸ ਨੇ ਕਾਲੇ ਰੰਗ ਦੇ ਸਿਆਲਾਂ ਵਾਲੇ ਬੂਟ ਪਾਏ ਹੋਏ ਸਨ, ਕਾਲੀ ਪੈਂਟ, ਕਾਲੀ ਹੈਟ ਤੇ ਚਿੱਟੇ ਗਲੱਵਜ਼ ਪਾਏ ਹੋਏ ਸਨ। ਇਹ ਵੀ ਲੱਗ ਰਿਹਾ ਸੀ ਕਿ ਮਸ਼ਕੂਕ ਸਿਗਰਟ ਪੀ ਰਿਹਾ ਸੀ। ਮਸ਼ਕੂਕ ਨੇ ਬਹੁਤ ਨੇੜਿਓਂ ਪਵਨਪ੍ਰੀਤ ‘ਤੇ ਗੋਲੀ ਚਲਾਉਣ ਤੱਕ ਹੁੱਡ ਸਿਰ ਉੱਤੇ ਨਹੀਂ ਲਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਗੋਲੀ ਚਲਾਉਣ ਤੋਂ ਬਾਅਦ ਮਸ਼ਕੂਕ ਪੱਛਮ ਵੱਲ ਕ੍ਰੈਡਿਟਵਿਊ ਰੋਡ ਵੱਲ ਭੱਜ ਗਿਆ ਤੇ ਫਿਰ ਬ੍ਰਿਟੇਨੀਆ ਰੋਡ ਉੱਤੇ ਤੇ ਫਿਰ ਕ੍ਰੈਮਗ੍ਰੀਨ ਸਰਕਲ ਵੱਲ ਚਲਾ ਗਿਆ। ਪੁਲਿਸ ਨੇ ਆਖਿਆ ਕਿ ਉਹ ਮੰਨ ਕੇ ਚੱਲ ਰਹੇ ਹਨ ਕਿ ਇਹ ਕਤਲ ਪਵਨਪ੍ਰੀਤ ਨੂੰ ਨਿਸ਼ਾਨਾ ਬਣਾ ਕੇ ਹੀ ਕੀਤਾ ਗਿਆ ਪਰ ਇਸ ਪਿੱਛੇ ਕਾਰਨ ਕੀ ਸੀ, ਇਸ ਦੀ ਉਹ ਭਾਲ ਕਰ ਰਹੇ ਹਨ।