ਮਿਸੀਸਾਗਾ ’ਚ ਔਰਤ ਦੀ ਹੱਤਿਆ ਦੇ ਦੋਸ਼ ਹੇਠ ਪੰਜਾਬੀ ਨੌਜਵਾਨ ਗ੍ਰਿਫ਼ਤਾਰ

33
Share

ਟੋਰਾਟੋ, 22 ਸਤੰਬਰ (ਪੰਜਾਬ ਮੇਲ)-ਕੈਨੇਡਾ ਦੇ ਮਿਸੀਸਾਗਾ ਸ਼ਹਿਰ ’ਚ ਕੈਨੇਡੀਅਨ ਟਾਇਰ ਨਾਮਕ ਸਟੋਰ ਅੰਦਰ ਬੀਤੇ ਸੋਮਵਾਰ ਨੂੰ ਚਾਕੂ ਮਾਰ ਕੇ ਇਕ ਔਰਤ ਦੀ ਹੱਤਿਆ ਕਰਨ ਦੇ ਦੋਸ਼ ’ਚ ਪੀਲ ਪੁਲਿਸ ਨੇ ਬੀਤੇ ਦਿਨੀਂ 26 ਸਾਲਾ ਚਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਾਮ ਦੇ ਸਮੇਂ ਛੇ ਕੁ ਵਜੇ ਵਾਪਰੀ ਦਰਦਨਾਕ ਘਟਨਾ ਮੌਕੇ ਸਟੋਰ ਅੰਦਰ ਚੀਕ-ਚਿਹਾੜਾ ਪੈ ਗਿਆ ਸੀ ਅਤੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਪੁਲਿਸ ਨੇ ਅਜੇ ਉਸ ਔਰਤ ਦਾ ਨਾਂ ਜਾਰੀ ਨਹੀਂ ਕੀਤਾ।
ਮਿਸੀਸਾਗਾ ਵਾਸੀ ਚਰਨਜੀਤ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਕੇ ਉਸ ਨੂੰ ਬਰੈਂਪਟਨ ਵਿਖੇ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਪੁਲਿਸ ਦੀ ਜਾਂਚ ਲਈ ਸਟੋਰ ਨੂੰ ਬੰਦ ਰੱਖਿਆ ਜਾ ਰਿਹਾ ਹੈ ਅਤੇ ਸਟੋਰ ’ਚ ਮੌਕੇ ’ਤੇ ਹਾਜ਼ਰ ਦਰਜਨ ਤੋਂ ਵੱਧ ਕਾਮੇ ਸਹਿਮ ’ਚ ਹਨ, ਜਿਸ ਕਰਕੇ ਓਨਟਾਰੀਓ ਦੇ ਕਿਰਤ ਮੰਤਰਾਲੇ ਨੂੰ ਵੀ ਘਟਨਾ ਦੀ ਜਾਂਚ ’ਚ ਸ਼ਾਮਲ ਕੀਤਾ ਗਿਆ ਹੈ। ਮਿਲੀ ਗੁਪਤ ਜਾਣਕਾਰੀ ਅਨੁਸਾਰ ਬਰੈਂਪਟਨ ਵਾਸੀ ਚਰਨਜੀਤ (ਗੁਰੂਸਰ ਸੁਧਾਰ) ਨੇ ਆਪਣੀ ਪਤਨੀ (ਭਗਤਾ ਭਾਈਕਾ) ਦਾ ਕਤਲ ਕੀਤਾ ਹੈ ਅਤੇ ਉਨ੍ਹਾਂ ਵਿਚਕਾਰ ਕੈਨੇਡਾ ’ਚ ਪੱਕੇ ਹੋਣ-ਕਰਾਉਣ ਦਾ ਮਾਮਲਾ ਅਤੇ ਘਰੇਲੂ ਕਲੇਸ਼ ਕੁਝ ਦੇਰ ਤੋਂ ਸੁਲਗ ਰਿਹਾ ਸੀ, ਜਿਸ ਕਰਕੇ ਉਹ ਅਲੱਗ ਰਹਿ ਰਹੇ ਸਨ।

Share