ਮਿਲਵਾਕੀ ’ਚ ਕਿ੍ਰਸਮਸ ਪਰੇਡ ਦੌਰਾਨ ਐੱਸ.ਯੂ.ਵੀ. ਨੇ ਮਾਰੀ ਟੱਕਰ; ਕਈ ਮੌਤਾਂ

121
Share

ਵੱਡੀ ਗਿਣਤੀ ’ਚ ਬੱਚੇ ਤੇ ਹੋਰ ਜ਼ਖ਼ਮੀ; ਪੁਲਿਸ ਨੇ ਇਕ ਨੂੰ ਹਿਰਾਸਤ ’ਚ ਲਿਆ
ਵੌਕੇਸ਼ਾ, 23 ਨਵੰਬਰ (ਪੰਜਾਬ ਮੇਲ)- ਅਮਰੀਕੀ ਸ਼ਹਿਰ ਮਿਲਵਾਕੀ ਦੇ ਉਪਨਗਰੀ ਖੇਤਰ ’ਚ ਕਿ੍ਰਸਮਸ ਮਾਰਚ ਕਰ ਰਹੇ ਲੋਕਾਂ ’ਤੇ ਬੈਰੀਕੇਡ ਤੋੜ ਕੇ ਇਕ ਗੱਡੀ ਚੜ੍ਹ ਗਈ। ਇਸ ਘਟਨਾ ’ਚ ਕਈ ਲੋਕ ਮਾਰੇ ਗਏ ਹਨ। ਵੇਰਵਿਆਂ ਮੁਤਾਬਕ ਐੱਸ.ਯੂ.ਵੀ. ਨੇ ਕਰੀਬ 20 ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ। ਘਟਨਾ ਕੈਮਰਿਆਂ ’ਚ ਕੈਦ ਹੋ ਗਈ ਹੈ। ਵੌਕੇਸ਼ਾ ਦੇ ਪੁਲਿਸ ਮੁਖੀ ਡੈਨ ਥੌਂਪਸਨ ਨੇ ਕਿਹਾ ‘ਕੁਝ’ ਲੋਕ ਮਾਰੇ ਗਏ ਹਨ ਪਰ ਉਹ ਸਟੀਕ ਗਿਣਤੀ ਨਹੀਂ ਦੱਸ ਸਕਦੇ। ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਗੱਡੀ ਵੀ ਜ਼ਬਤ ਕੀਤੀ ਗਈ ਹੈ। ਹਾਲੇ ਵਿਅਕਤੀ ਦੇ ਇਰਾਦਿਆਂ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਕ ਵੀਡੀਓ ’ਚ ਗੱਡੀ ਲੜਕੀਆਂ ਦੇ ਇਕ ਸਮੂਹ ਤੇ ਦੂਜੀ ਵਿਚ ਮਾਰਚ ਕਰਨ ਵਾਲੇ ਬੈਂਡ ਨੂੰ ਟੱਕਰ ਮਾਰਦੀ ਨਜ਼ਰ ਆਈ ਹੈ। ਅੱਗ ਬੁਝਾਊ ਅਮਲੇ ਦੇ ਮੁਖੀ ਮੁਤਾਬਕ 11 ਬਾਲਗ ਤੇ 12 ਬੱਚੇ ਫੱਟੜ ਹੋ ਗਏ ਹਨ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਜ਼ਖ਼ਮੀਆਂ ’ਚ ਇਕ ਕੈਥੋਲਿਕ ਪਾਦਰੀ ਤੇ ਕੈਥੋਲਿਕ ਸਕੂਲ ਦੇ ਬੱਚੇ ਵੀ ਸ਼ਾਮਲ ਹਨ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਗੱਡੀ ਜਿਵੇਂ ਹੀ ਬੈਰੀਕੇਡ ਤੋੜ ਕੇ ਪਰੇਡ ਵੱਲ ਵਧੀ, ਤਾਂ ਪੁਲਿਸ ਨੇ ਇਸ ਨੂੰ ਰੋਕਣ ਲਈ ਗੋਲੀ ਵੀ ਚਲਾਈ। ਜ਼ਿਕਰਯੋਗ ਹੈ ਕਿ ਵੌਕੇਸ਼ਾ ਮਿਲਵੌਕੀ ਦਾ ਉਪਨਗਰ ਹੈ ਤੇ ਕਿਨੋਸ਼ਾ ਤੋਂ 90 ਕਿਲੋਮੀਟਰ ਦੂਰ ਹੈ, ਜਿੱਥੇ ਕਾਇਲ ਰਿਟਨਹਾਊਸ ਨਾਂ ਦੇ ਵਿਅਕਤੀ ਨੂੰ ਸ਼ੁੱਕਰਵਾਰ ਤਿੰਨ ਵਿਅਕਤੀਆਂ ਦੀ ਹੱਤਿਆ ਦੇ ਦੋਸ਼ ਤੋਂ ਬਰੀ ਕੀਤਾ ਗਿਆ ਹੈ। ਸ਼ਹਿਰ ’ਚ ਅਗਸਤ 2020 ’ਚ ਫੈਲੀ ਹਿੰਸਾ ਦੌਰਾਨ ਤਿੰਨ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਰਿਟਨਹਾਊਸ ’ਤੇ ਦੋਸ਼ ਲਾਏ ਗਏ ਸਨ।

Share