ਮਿਨੇਸੋਟਾ ’ਚ ਕੋਰੋਨਾਵਾਇਰਸ ਮਹਾਮਾਰੀ ਰਾਹਤ ਪ੍ਰੋਗਰਾਮ ’ਚ 25 ਕਰੋੜ ਡਾਲਰ ਦਾ ਘਪਲਾ

36
Share

* 47 ਵਿਅਕਤੀਆਂ ਵਿਰੁੱਧ ਦੋਸ਼ ਆਇਦ
ਸੈਕਰਾਮੈਂਟੋ, 21 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ’ਚ ਕੋਰੋਨਾਵਾਇਰਸ ਮਹਾਮਾਰੀ ਰਾਹਤ ਪ੍ਰੋਗਰਾਮ ਵਿਚ ਵੱਡੀ ਪੱਧਰ ਉਪਰ ਕਥਿਤ ਘਪਲੇਬਾਜ਼ੀ ਸਾਹਮਣੇ ਆਈ ਹੈ। ਸੰਘੀ ਅਧਿਕਾਰੀਆਂ ਨੇ ਕੋਰੋਨਾਵਾਇਰਸ ਮਹਾਮਾਰੀ ਰਾਹਤ ਪ੍ਰੋਗਰਾਮ ਵਿਚੋਂ ਬੇਈਮਾਨੀ ਨਾਲ 25 ਕਰੋੜ ਡਾਲਰ ਕਢਵਾਉਣ ਦੇ ਮਾਮਲੇ ’ਚ 47 ਵਿਅਕਤੀਆਂ ਵਿਰੁੱਧ ਦੋਸ਼ ਆਇਦ ਕੀਤੇ ਹਨ। ਇਨ੍ਹਾਂ ਲੋਕਾਂ ਨੇ ਮਹਾਮਾਰੀ ਦੌਰਾਨ ਬੱਚਿਆਂ ਨੂੰ ਖਾਣਾ ਮੁਹੱਈਆ ਕਰਵਾਉਣ ਦੇ ਨਾਂ ’ਤੇ ਠੱਗੀ ਮਾਰੀ। ਇਹ ਠੱਗੀ ਮਾਰਨ ਦਾ ਮਾਮਲਾ ਮਿਨੇਸੋਟਾ ਰਾਜ ਵਿਚ ਸਾਹਮਣੇ ਆਇਆ ਹੈ। ਚੀਫ ਫੈਡਰਲ ਪ੍ਰਾਸੀਕਿਊਟਰ ਮਿਨੇਸੋਟਾ ਯੂ.ਐੱਸ. ਅਟਾਰਨੀ ਐਂਡਰੀਊ ਆਮ ਲੂਗਰ ਨੇ ਕਿਹਾ ਹੈ ਕਿ ਸ਼ੱਕੀ ਦੋਸ਼ੀਆਂ ਨੇ ਬੱਚਿਆਂ ਨੂੰ ਖਾਣਾ ਸਪਲਾਈ ਲਈ ਅਦਾਇਗੀ ਉਪਰ ਦਾਅਵਾ ਕਰਨ ਲਈ ਸਥਾਨਕ ਗੈਰ-ਮੁਨਾਫਾ ਸੰਸਥਾ ‘ਫੀਡਿੰਗ ਆਵਰ ਫਿਊਚਰ’ ਦੀ ਵਰਤੋਂ ਕੀਤੀ, ਜੋ ਖਾਣਾ ਕਦੀ ਪਹੁੰਚਾਇਆ ਹੀ ਨਹੀਂ ਗਿਆ। ਇਸ ਪੈਸੇ ਦੀ ਵਰਤੋਂ ਕਥਿਤ ਦੋਸ਼ੀਆਂ ਨੇ ਮਹਿੰਗੀਆਂ ਕਾਰਾਂ, ਘਰ, ਗਹਿਣੇ ਤੇ ਹੋਰ ਜਾਇਦਾਦ ਖਰੀਦਣ ਲਈ ਕੀਤੀ। ਲੂਗਰ ਨੇ ਕਿਹਾ ਹੈ ‘ਮੈ ਉਨ੍ਹਾਂ ਅਧਿਕਾਰੀਆਂ ਤੇ ਜਾਂਚਕਾਰਾਂ ਦੀ ਸ਼ਲਾਘਾ ਕੀਤੇ ਬਿਨਾਂ ਨਹੀਂ ਰਹਿ ਸਕਦਾ, ਜਿਨ੍ਹਾਂ ਨੇ ਝੂਠ ਤੇ ਬੇਈਮਾਨੀ ਦਾ ਪਰਦਾਫਾਸ਼ ਕੀਤਾ ਹੈ ਤੇ ਇਸ ਗੁੰਝਲਦਾਰ ਮਾਮਲੇ ’ਤੇ ਰੌਸ਼ਨੀ ਪਾਈ ਹੈ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਸ ਨੂੰ ਇਕ ਵਿਆਪਕ ਘਪਲੇ ਦਾ ਨਾਂ ਦਿੱਤਾ ਹੈ, ਜੋ ਸਰਕਾਰ ਦੀਆਂ ਮਹਾਮਾਰੀ ਦੌਰਾਨ ਰਾਹਤ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਵਿਚੋਂ ਕੀਤਾ ਗਿਆ। ਐੱਫ.ਬੀ.ਆਈ. ਡਾਇਰੈਕਟਰ ਕਿ੍ਰਸਟੋਫਰ ਵਰੇ ਨੇ ਕਿਹਾ ਹੈ ਕਿ ਲਾਏ ਗਏ ਦੋਸ਼ਾਂ ਤੋਂ ਪਤਾ ਲੱਗਦਾ ਹੈ ਕਿ ਸ਼ੱਕੀ ਦੋਸ਼ੀਆਂ ਨੇ ਆਪਣੇ ਮਾੜੇ ਇਰਾਦਿਆਂ ਨੂੰ ਪੂਰਾ ਕਰਨ ਲਈ ਇਕ ਵਿਆਪਕ ਸਾਜ਼ਿਸ਼ ਰਚੀ ਤੇ ਉਹ ਮਾਲਾਮਾਲ ਹੋਏ। ਜਸਟਿਸ ਕੈਂਪਬੈੱਲ ਜੋ ਇੰਟਰਨਲ ਰੈਵਨਿਊ ਸਰਵਿਸਿਜ਼ ਕਿ੍ਰਮੀਨਲ ਇਨਵੈਸਟੀਗੇਸ਼ਨ ਡਿਵੀਜ਼ਨ ਸ਼ਿਕਾਗੋ ਦੇ ਸਪੈਸ਼ਲ ਏਜੰਟ ਇੰਚਾਰਜ ਹਨ, ਨੇ ਕਿਹਾ ਹੈ ਕਿ ‘‘ਕੌਮੀ ਸੰਕਟ ਸਮੇਂ ਬੱਚਿਆਂ ਨੂੰ ਖਾਣਾ ਦੇਣ ਵਾਲੇ ਸਰਕਾਰੀ ਪ੍ਰੋਗਰਾਮ ਦੀ ਨਿੱਜੀ ਫਾਇਦ ਲਈ ਵਰਤੋਂ ਕਰਨਾ ਕਥਿਤ ਦੋਸ਼ੀਆਂ ਦੀ ਭੁੱਖ ਦਾ ਪ੍ਰਤੀਕ ਹੈ। ਉਨ੍ਹਾਂ ਨੇ ਬੱਚਿਆਂ ਦੀ ਲਾਗਤ ਉਪਰ ਆਪਣੇ ਆਪ ਨੂੰ ਅਮੀਰ ਬਣਾਇਆ ਹੈ ਤੇ ਦੇਸ਼ ਦੇ ਭਵਿੱਖ ਨੂੰ ਬਚਾਉਣ ਦੀ ਬਜਾਏ ਉਨ੍ਹਾਂ ਨੇ ਭਵਿੱਖ ਨੂੰ ਮਾਰਨ ਦਾ ਕੰਮ ਕੀਤਾ ਹੈ।’’

Share