ਮਿਨੀਐਪਲਿਸ ‘ਚ ਵਾਪਰੀ ਗੋਲੀਬਾਰੀ ਦੀ ਘਟਨਾ ਦੌਰਾਨ ਇਕ ਹਲਾਕ, 11 ਜ਼ਖ਼ਮੀ

484
Share

ਕੇਂਦਰੀ ਨਿਊਯਾਰਕ ‘ਚ ਵੀ ਗੋਲੀਬਾਰੀ, 9 ਜ਼ਖ਼ਮੀ
ਮਿਨੀਸੋਟਾ, 21 ਜੂਨ (ਪੰਜਾਬ ਮੇਲ)- ਮਿਨੀਐਪਲਿਸ ‘ਚ ਗੋਲੀਬਾਰੀ ਦੀ ਇਕ ਘਟਨਾ ਵਿਚ ਇਕ ਵਿਅਕਤੀ ਹਲਾਕ ਤੇ 11 ਹੋਰ ਜ਼ਖ਼ਮੀ ਹੋ ਗਏ। ਪੀੜਤਾਂ ਦੇ ਨਾਮ ਤੇ ਉਮਰ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ। ਮਿਨੀਐਪਲਿਸ ਪੁਲਿਸ ਨੇ ਸ਼ੁਰੂਆਤੀ ਟਵੀਟ ਵਿਚ ਲੋਕਾਂ ਨੂੰ ਉਪਰਲੇ ਮਿਨੀਐਪਲਿਸ ਖੇਤਰ, ਜਿਸ ਨੂੰ ਕਮਰਸ਼ਲ ਜ਼ਿਲ੍ਹਾ ਕਿਹਾ ਜਾਂਦਾ ਹੈ, ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸ ਖੇਤਰ ਵਿਚ ਕਈ ਬਾਰ ਤੇ ਰੈਸਟੋਰੈਂਟ ਹਨ। ਉਂਜ ਸੋਸ਼ਲ ਮੀਡੀਆ ‘ਤੇ ਪਾਈ ਤਸਵੀਰਾਂ ਵਿਚ ਅਪਟਾਊਨ ਥੀਏਟਰ ਦੀਆਂ ਖਿੜਕੀਆਂ ਗੋਲੀਆਂ ਨਾਲ ਤਿੜਕੀਆਂ ਵਿਖਾਈਆਂ ਗਈਆਂ ਹਨ। ਉਧਰ ਗੋਲੀਬਾਰੀ ਮਗਰੋਂ ਫੇਸਬੁੱਕ ‘ਤੇ ਪੋਸਟ ਕੀਤੀ ਲਾਈਵ ਵੀਡੀਓ ਵਿਚ ਲੋਕਾਂ ਦੀਆਂ ਚੀਕਾਂ ਸਾਫ਼ ਸੁਣਾਈ ਦੇ ਰਹੀਆਂ ਹਨ। ਵੀਡੀਓ ਵਿਚ ਕੁਝ ਲੋਕ ਇਕ ਥਾਈਂ ਇਕੱਠੇ ਹੋਏ ਵਿਖਾਈ ਦੇ ਰਹੇ ਹਨ, ਜਦੋਂਕਿ ਕੁੱਝ ਸੜਕ ਕੰਢੇ ਪਟੜੀਆਂ ‘ਤੇ ਪਏ ਹਨ।
ਇਸ ਦੌਰਾਨ ਕੇਂਦਰੀ ਨਿਊਯਾਰਕ ਵਿਚ ਸ਼ਨਿੱਚਰਵਾਰ ਰਾਤ ਨੂੰ ਹੋਈ ਗੋਲੀਬਾਰੀ ਦੀ ਇਕ ਵੱਖਰੀ ਘਟਨਾ ‘ਚ 9 ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚ 17 ਸਾਲਾ ਇਕ ਲੜਕਾ ਵੀ ਸ਼ਾਮਲ ਹੈ, ਜਿਸ ਦੇ ਸਿਰ ਵਿਚ ਗੋਲੀ ਲੱਗਣ ਕਰਕੇ ਉਹਦੀ ਹਾਲਤ ਗੰਭੀਰ ਹੈ। ਬਾਕੀ ਬਚਦੇ ਅੱਠ ਲੋਕਾਂ ਦੀ ਉਮਰ 18 ਤੋਂ 53 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਪੁਲਿਸ ਨੇ ਹਾਲ ਦੀ ਘੜੀ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ। ਸਾਇਰਾਕਿਊਸ ਦੇ ਪੁਲਿਸ ਮੁਖੀ ਕੈਂਟਨ ਬਕਨਰ ਨੇ ਕਿਹਾ ਕਿ ਹਾਲ ਦੀ ਘੜੀ ਜਾਂਚ ਮੁੱਢਲੇ ਪੜਾਅ ‘ਚ ਹੈ।


Share