ਮਿਨੀਐਪਲਿਸ ’ਚ ਜੱਜ ਵੱਲੋਂ ਪ੍ਰਸ਼ਾਸਨ ਨੂੰ ਹੋਰ ਪੁਲਿਸ ਅਧਿਕਾਰੀ ਭਰਤੀ ਕਰਨ ਦੇ ਨਿਰਦੇਸ਼

159
Share

ਫਰਿਜ਼ਨੋ, 4 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਮਿਨੀਐਪਲਿਸ ਵਿਚ ਇੱਕ ਜੱਜ ਨੇ ਸ਼ਹਿਰ ਦੇ ਪ੍ਰਸ਼ਾਸਨ ਨੂੰ ਹੋਰ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਕਰਨ ਦੇ ਆਰਡਰ ਦਿੱਤੇ ਹਨ। ਜੱਜ ਨੇ ਇਹ ਆਦੇਸ਼ ਇੱਕ ਸਮੂਹ ਦੇ ਹੱਕ ਵਿਚ ਫੈਸਲਾ ਸੁਣਾਉਣ ਤੋਂ ਬਾਅਦ ਦਿੱਤੇ, ਜਿਸ ਨੇ ਸ਼ਹਿਰ ਵਿਚ ਜੁਰਮ ਨੂੰ ਵਧਾਉਣ ਦੇ ਦੋਸ਼ ਵਿਚ ਸਿਟੀ ਕੌਂਸਲ ਖ਼ਿਲਾਫ਼ ਮੁਕੱਦਮਾ ਕੀਤਾ ਸੀ। ਕੰਜ਼ਰਵੇਟਿਵ ਅੱਪਰ ਮਿਡਵੈਸਟ ਲਾਅ ਸੈਂਟਰ ਨਾਲ ਜੁੜੇ ਅੱਠ ਮੁਕੱਦਮਾ ਕਰਨ ਵਾਲਿਆਂ ਨੇ ਆਪਣੀ ਸ਼ਿਕਾਇਤ ਵਿਚ ਸ਼ਹਿਰ ’ਚ ਗੋਲੀਬਾਰੀ ਅਤੇ ਕਤਲੇਆਮ ਵਿਚ ਹੋਏ ਵਾਧੇ ਦੇ ਨਾਲ ਜਾਰਜ ਫਲਾਇਡ ਲਈ ਹੋਏ ਹਿੰਸਕ ਵਿਰੋਧ ਪ੍ਰਦਰਸ਼ਨ ਦਾ ਹਵਾਲਾ ਦਿੱਤਾ ਸੀ।
ਸਿਟੀ ਕੌਂਸਲ ਨੂੰ ਅਗਲੇ ਜੂਨ ਤੱਕ ਸ਼ਹਿਰ ਵਿਚ ਤਕਰੀਬਨ 669 ਅਧਿਕਾਰੀ ਹੋਣ ਦੀ ਉਮੀਦ ਹੈ ਪਰ ਹੈਨੇਪਿਨ ਕਾਉਂਟੀ ਦੇ ਜ਼ਿਲ੍ਹਾ ਜੱਜ ਜੈਮੀ ਐਲ ਐਂਡਰਸਨ ਅਨੁਸਾਰ 2020 ਦੀ ਮਰਦਮਸ਼ੁਮਾਰੀ ਪ੍ਰਕਾਸ਼ਿਤ ਹੋਣ ਤੋਂ ਬਾਅਦ ਸ਼ਹਿਰ ਨੂੰ 30 ਜੂਨ, 2022 ਤੱਕ ਘੱਟੋ-ਘੱਟ 730 ਜਾਂ ਆਬਾਦੀ ਦੇ 2% ਪੁਲਿਸ ਕਰਮਚਾਰੀਆਂ ਦੀ ਭਰਤੀ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਮਿਨੀਐਪਲਿਸ ਵਿਚ ਪੁਲਿਸ ਵਿਰੋਧੀ ਮਾਹੌਲ ਦੇ ਮੱਦੇਨਜ਼ਰ ਅਧਿਕਾਰੀ ਰਿਟਾਇਰਮੈਂਟ ਲੈ ਰਹੇ ਹਨ ਜਾਂ ਨੌਕਰੀ ਛੱਡ ਰਹੇ ਹਨ। ਇਲਾਕੇ ’ਚ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਜਿਆਦਾ ਪੁਲਸ ਅਧਿਕਾਰੀਆਂ ਦੀ ਬਹੁਤ ਜ਼ਰੂਰਤ ਹੈ ਅਤੇ ਸਿਟੀ ਵੱਲੋਂ ਇਨ੍ਹਾਂ ਹੁਕਮਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ।

Share