ਮਿਨੀਏਪੋਲਿਸ ਪੁਲਿਸ ਅਧਿਕਾਰੀਆਂ ਨੇ ਟ੍ਰੈਫਿਕ ਸਟਾਪ ਦੌਰਾਨ ਮਾਰੀ ਇੱਕ ਵਿਅਕਤੀ ਨੂੰ ਗੋਲੀ

471
Share

ਫਰਿਜ਼ਨੋ (ਕੈਲੀਫੋਰਨੀਆਂ), 1 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ) – ਮਿਨੀਏਪੋਲਿਸ ਪੁਲਿਸ ਅਧਿਕਾਰੀ 25 ਮਈ ਨੂੰ ਜਾਰਜ ਫਲਾਈਡ ਦੀ ਹੱਤਿਆ ਤੋਂ ਬਾਅਦ ਇੱਕ ਵਾਰ ਫਿਰ ਇੱਕ ਵਿਅਕਤੀ ਨੂੰ ਟ੍ਰੈਫਿਕ ਸਟਾਪ ਦੌਰਾਨ ਗੋਲੀ ਮਾਰਨ ਕਰਕੇ ਸੁਰਖੀਆਂ ਵਿੱਚ ਆ ਗਏ ਹਨ।ਇਸ ਮਾਮਲੇ ਦੇ ਸੰਬੰਧ ਵਿੱਚ ਪੁਲਿਸ ਮੁਖੀ ਮੇਡਰਿਆ ਅਰਾਡੋਂਡੋ ਅਨੁਸਾਰ ਬੁੱਧਵਾਰ ਸ਼ਾਮ ਨੂੰ ਇੱਕ ਟ੍ਰੈਫਿਕ ਸਟਾਪ ਦੌਰਾਨ ਕਿਸੇ ਮਾਮਲੇ ਵਿੱਚ ਸ਼ੱਕੀ ਵਿਅਕਤੀ ਨੂੰ ਰੋਕਣ ਤੇ ਜਾਨਲੇਵਾ ਗੋਲੀਬਾਰੀ ਹੋਈ ਹੈ ਅਤੇ ਇਸ ਦੌਰਾਨ ਗਵਾਹਾਂ ਦੇ ਬਿਆਨਾਂ ਤੋਂ ਇਹ ਸੰਕੇਤ ਮਿਲਿਆ ਹੈ ਕਿ ਇਸ ਸ਼ੱਕੀ ਵਿਅਕਤੀ ਨੇ ਪਹਿਲਾਂ ਅਧਿਕਾਰੀਆਂ ਤੇ ਗੋਲੀ ਚਲਾਈ ਸੀ ਅਤੇ ਫਿਰ ਅਧਿਕਾਰੀਆਂ ਦੁਆਰਾ ਜਵਾਬੀ ਕਾਰਵਾਈ ਦੌਰਾਨ ਗੋਲੀ ਲੱਗਣ ਕਾਰਨ ਇਸ ਪੁਰਸ਼ ਸ਼ੱਕੀ ਵਿਅਕਤੀ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ।  ਅਰਾਡੋਂਡੋ ਨੇ ਕਿਹਾ ਕਿ ਇਸ ਕਾਰਵਾਈ ਵਿੱਚ ਕੋਈ ਅਧਿਕਾਰੀ ਜ਼ਖਮੀ ਨਹੀਂ ਹੋਇਆ।ਇਸ ਅਧਿਕਾਰੀ ਅਨੁਸਾਰ ਇਸ ਘਟਨਾ ਦਾ ਬਾਡੀਕੈਮ ਵੀਡੀਓ ਵੀਰਵਾਰ ਨੂੰ ਜਾਰੀ ਕੀਤਾ ਜਾਵੇਗਾ।ਮਰਨ ਵਾਲਾ ਵਿਅਕਤੀ ਕਿਸ ਮੂਲ ਦਾ ਸੀ ,ਇਸਦੀ ਜਾਣਕਾਰੀ ਅਜੇ ਨਹੀ ਦਿੱਤੀ ਗਈ ਹੈ ਜਦਕਿ ਮਿਨੇਸੋਟਾ ਬਿਊਰੋ ਆਫ ਕ੍ਰਿਮੀਨਲ ਅਪਰੈਹੇਨਸਨ ਜਾਂਚ ਦੀ ਅਗਵਾਈ ਕਰ ਰਿਹਾ ਹੈ।ਇਸ ਗੋਲੀਬਾਰੀ ਤੋਂ ਕੁਝ ਘੰਟਿਆਂ ਬਾਅਦ ਪ੍ਰਦਰਸ਼ਨਕਾਰੀ ਸਾਈਟ ‘ਤੇ ਇਕੱਠੇ ਹੋ ਗਏ ਪਰ ਅਰਾਡੋਂਡੋ ਨੇ ਸਥਿਤੀ ਸੰਭਾਲਦਿਆਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਰਹਿਣ ਲਈ ਕਿਹਾ ਅਤੇ ਉਹ ਕਮਿਊਨਿਟੀ ਅਤੇ ਧਾਰਮਿਕ ਨੇਤਾਵਾਂ ਤੱਕ ਵੀ ਇਸ ਮਾਮਲੇ ਬਾਰੇ ਪਹੁੰਚ ਕਰ ਰਿਹਾ ਹੈ। ਮੇਅਰ ਯਾਕੂਬ ਫਰੇ ਨੇ ਵੀ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਗੋਲੀਬਾਰੀ ਵਿੱਚ ਸਾਰੇ ਤੱਥਾਂ ਨੂੰ ਇਕੱਤਰ ਕਰਨ ਲਈ ਅਰਾਡੋਂਡੋ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਜਿੰਨੀ ਜਲਦੀ ਹੋ ਸਕੇ ਕਮਿਊਨਿਟੀ ਤੱਕ ਇਸਦੀ ਜਾਣਕਾਰੀ ਪਹੁੰਚਾਈ ਜਾਵੇਗੀ।

Share