ਮਿਊਜ਼ੀਅਮ ਬਣਨ ਤੋ ਬਾਅਦ ਵੀ ਰੁਲ ਰਹੇ ਨੇ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਦੋ ਕਲਸ਼ 

41
Share

ਸੁਨਾਮ ਊਧਮ ਸਿੰਘ ਵਾਲਾ, 4 ਜੂਨ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਸੁਨਾਮ ਊਧਮ ਸਿੰਘ ਵਾਲਾ ਵਿੱਚ ਸ਼ਹੀਦ ਊਧਮ ਸਿੰਘ ਦਾ ਮਿਊਜ਼ੀਅਮ ਜਿਹੜਾ 31 ਜੁਲਾਈ 2021 ਨੂੰ ਬਣਾਇਆ ਗਿਆ ਹੈ ਜਿਸ ਨੂੰ ਬਣੇ 10 ਮਹੀਨੇ ਹੋ ਗਏ। ਉਸ ਵਿੱਚ ਉਹਨਾਂ ਨਾਲ ਸਬੰਧਤ ਅੱਜ ਤੱਕ ਇੱਕ ਵੀ ਸਮਾਨ ਲਿਆ ਕਿ ਨਹੀ ਰੱਖਿਆ ਗਿਆ। ਮਹਾਨ ਸ਼ਹੀਦ ਦਾ ਸਮਾਨ ਦੇਸ਼ ਵਿਦੇਸ਼ ਵਿੱਚ ਰੁਲ ਰਿਹਾ ਹੈ ਇਸ ਸਬੰਧੀ ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦਾ ਵਫ਼ਦ ਪ੍ਰਸ਼ਾਸਨ ਤੇ ਸ਼ਹਿਰ ਦੇ ਐੱਮ ਐੱਲ ਏ ਅਮਨ ਅਰੋੜਾ ਜੀ ਨੂੰ ਵੀ ਮਿਲ ਕੇ ਮੰਗ ਪੱਤਰ ਦੇ ਚੁੱਕਿਆ ਹੈ।
ਸ਼ਹੀਦ ਊਧਮ ਸਿੰਘ ਦੀ ਦੇਹ ਵਾਲਾ ਤਾਬੂਤ ਇੰਗਲੈਂਡ ਤੋ 31 ਜੁਲਾਈ 1974 ਵਿਚ ਸੁਨਾਮ ਊਧਮ ਸਿੰਘ ਵਾਲਾ ਲਿਆਂਦਾ ਗਿਆ ਸੀ ਤੇ ਉਹਨਾਂ ਦੇ ਸੰਸਕਾਰ ਤੋਂ ਬਾਅਦ 7 ਅਸਥੀਆਂ ਦੇ ਕਲਸ਼ ਤਿਆਰ ਕੀਤੇ ਗਏ ਸੀ, ਉਹਨਾਂ ਵਿਚੋਂ ਦੋ ਕਲਸ਼ ਸ਼ਹੀਦ ਸਬੰਧੀ ਸ਼ਹਿਰ ਵਿਚ ਕੋਈ ਮਿਊਜ਼ੀਅਮ ਨਾ ਹੋਣ ਕਾਰਨ ਉਸ ਵੇਲੇ ਸੁਨਾਮ ਊਧਮ ਸਿੰਘ ਵਾਲਾ ਦੇ ਸਰਕਾਰੀ ਕਾਲਜ ਦੀ ਲਾਇਬਰੇਰੀ ਵਿੱਚ ਰੱਖ ਦਿੱਤੇ ਸੀ, ਪਰ ਹੁਣ ਸੁਨਾਮ ਊਧਮ ਸਿੰਘ ਵਾਲਾ ਵਿੱਚ 31 ਜੁਲਾਈ 2021 ਨੂੰ ਸ਼ਹੀਦ ਦਾ ਮਿਊਜ਼ੀਅਮ ਬਣ ਚੁੱਕਿਆ ਹੈ। ਜਿਸ ਨੂੰ ਬਣੇ ਦੱਸ ਮਹੀਨੇ ਹੋ ਗਏ ਪਰ ਅਜੇ ਤੱਕ ਵੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਕਲਸ਼ ਸਰਕਾਰੀ ਕਾਲਜ ਸੁਨਾਮ ਦੀ ਲਾਇਬਰੇਰੀ ਵਿੱਚ ਰੁਲ ਰਹੇ ਹਨ; ਉਨ੍ਹਾਂ ਨੂੰ ਮਿਊਜ਼ੀਅਮ ਵਿੱਚ ਲਿਆ ਕੇ ਨਹੀ ਰੱਖਿਆ ਗਿਆ ।
ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿੱਠੀ ਲਿਖ ਕੇ ਸਮਾਂ ਮੰਗਿਆ ਜਾ ਚੁੱਕਿਆ ਹੈ ਪਰ ਅਜੇ ਤੱਕ ਉਨ੍ਹਾਂ ਵੱਲੋਂ ਵੀ ਕੋਈ ਹਾਂ ਪੱਖੀ ਜਬਾਬ ਨਹੀਂ ਆਇਆ ਹੈ। ਮੰਚ ਆਗੂਆਂ ਨੇ ਸਾਰੇ ਮੁੱਦੇ ਸਬੰਧੀ ਵਿਸਥਾਰ ਵਿਚ ਚਰਚਾ ਕਰਨ ਤੋਂ ਬਾਅਦ ਕਿਹਾ ਕਿ ਸਰਕਾਰਾਂ ਸ਼ਹੀਦਾਂ ਬਾਰੇ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ। ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਦੇਸ਼ ਭਗਤਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ।
ਮੰਚ ਦੇ ਅਨਿਲ ਕੁਮਾਰ, ਵਿਸਵਕਾਂਤ, ਹਰਿੰਦਰ ਬਾਬਾ, ਰਾਕੇਸ਼ ਕੁਮਾਰ, ਪਦਮ ਸ਼ਰਮਾ, ਦਵਿੰਦਰ ਸਿੰਘ, ਬਲਵੀਰ ਚੰਦ ਲੌਂਗੋਵਾਲ, ਗੁਰਮੇਲ ਬਖਸ਼ੀਵਾਲਾ, ਪਰਮਿੰਦਰ ਉਭਾਵਾਲ ਅਤੇ ਦਾਤਾ ਨਮੋਲ ਸਮੇਤ ਹੋਰ ਕਈ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਹੀ ਸ਼ਹੀਦ ਦਾ ਦੇਸ਼ਾਂ ਤੇ ਵਿਦੇਸ਼ਾਂ ਵਿਚ ਰੁਲ ਰਿਹਾ ਸਮਾਨ ਮਿਊਜ਼ੀਅਮ ਵਿੱਚ ਲਿਆ ਕਿ ਰੱਖਿਆ ਜਾਵੇ।

Share