ਮਿਆਂਮਾਰ ਫ਼ੌਜ ਨੇ ਇਕ ਸਾਲ ਲਈ ਦੇਸ਼ ਦਾ ਕੰਟਰੋਲ ਆਪਣੇ ਹੱਥਾਂ ’ਚ ਲਿਆ

432
ਜਾਪਾਨ ’ਚ ਰਹਿੰਦੇ ਮਿਆਂਮਾਰ ਦੇ ਲੋਕ ਫ਼ੌਜੀ ਤਖ਼ਤਾਪਲਟ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ।
Share

ਸਟੇਟ ਕਾਉਂਸਲਰ ਆਂਗ ਸਾਂ ਸੂ ਕੀ ਨੂੰ ਨਜ਼ਰਬੰਦ ਕੀਤਾ; ਸਥਿਤੀ ’ਤੇ ਨਜ਼ਰ ਰੱਖ ਰਿਹੈ ਭਾਰਤ: ਵਿਦੇਸ਼ ਮੰਤਰਾਲਾ
ਨੇਪਈਤਾ, 1 ਫਰਵਰੀ (ਪੰਜਾਬ ਮੇਲ)- ਮਿਆਂਮਾਰ ਦੀ ਫ਼ੌਜ ਨੇ ਇੱਕ ਸਾਲ ਲਈ ਦੇਸ਼ ਦਾ ਕੰਟਰੋਲ ਆਪਣੇ ਹੱਥਾਂ ’ਚ ਲੈ ਲਿਆ ਹੈ। ਸੈਨਾ ਦੀ ਮਾਲਕੀ ਵਾਲੇ ਮਯਵਾੜੀ ਟੀ.ਵੀ. ਨੇ ਸੋਮਵਾਰ ਸਵੇਰੇ ਇਸ ਦਾ ਐਲਾਨ ਕੀਤਾ। ਖ਼ਬਰਾਂ ’ਚ ਕਿਹਾ ਕਿ ਸਟੇਟ ਕਾਉਂਸਲਰ ਆਂਗ ਸਾਂ ਸੂ ਕੀ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ ਅਤੇ ਰਾਜਧਾਨੀ ’ਚ ਸੰਚਾਰ ਦੇ ਸਾਰੇ ਸਾਧਨ ਕੱਟ ਦਿੱਤੇ ਗਏ ਹਨ। ਨੇਪਈਤਾ ’ਚ ਫੋਨ ਅਤੇ ਇੰਟਰਨੈੱਟ ਸੇਵਾ ਬੰਦ ਹੈ ਅਤੇ ਸੂ ਕੀ ਦੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪਾਰਟੀ ਨਾਲ ਸੰਪਰਕ ਨਹੀਂ ਹੋ ਰਿਹਾ ਹੈ।
ਅਮਰੀਕਾ, ਆਸਟਰੇਲੀਆ ਅਤੇ ਹੋਰ ਦੇਸ਼ਾਂ ਨੇ ਇਨ੍ਹਾਂ ਰਿਪੋਰਟਾਂ ’ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਮਿਆਂਮਾਰ ਦੀ ਸੈਨਾ ਨੂੰ ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਨ ਦੀ ਬੇਨਤੀ ਕੀਤੀ ਹੈ। ਅਮਰੀਕਾ ’ਚ ਵ੍ਹਾਈਟ ਹਾਊਸ ਦੀ ਤਰਜਮਾਨ ਜੇਨ ਸਾਕੀ ਨੇ ਇੱਕ ਬਿਆਨ ਵਿਚ ਕਿਹਾ ਕਿ ਉਹ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਮਿਆਂਮਾਰ ’ਚ ਹੋਣ ਵਾਲੀਆਂ ਘਟਨਾਵਾਂ ਤੋਂ ਜਾਣੂ ਹਨ। ਉਨ੍ਹਾਂ ਕਿਹਾ, ‘ਮਿਆਂਮਾਰ ਵਿਚ ਲੋਕਤੰਤਰੀ ਢੰਗ ਨਾਲ ਸੱਤਾ ਦੇ ਤਬਾਦਲੇ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਅਮਰੀਕਾ ਫ਼ੌਜੀ ਬਗਾਵਤ ਦੀ ਖ਼ਬਰ ਤੋਂ ਚਿੰਤਤ ਹੈ। ਇਥੋਂ ਤੱਕ ਕਿ ਰਾਜ ਦੇ ਕਾਉਂਸਲਰ ਆਂਗ ਸਾਂ ਸੂ ਕੀ ਅਤੇ ਹੋਰ ਅਧਿਕਾਰੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।’ ਬਿਆਨ ’ਚ ਕਿਹਾ ਗਿਆ ਹੈ ਕਿ ਜੇ ਇਹ ਕਦਮ ਵਾਪਸ ਨਾ ਕੀਤੇ ਗਏ ਤਾਂ ਅਮਰੀਕਾ ਇਸ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕਰੇਗਾ। ਆਸਟਰੇਲੀਆ ਦੇ ਵਿਦੇਸ਼ ਮੰਤਰੀ ਮਰੀਸੀ ਪੇਨੇ ਨੇ ਸੂ ਕੀ ਅਤੇ ਹੋਰਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਇਸੇ ਦੌਰਾਨ ਭਾਰਤ ਨੇ ਸੋਮਵਾਰ ਨੂੰ ਮਿਆਂਮਾਰ ’ਚ ਫ਼ੌਜੀ ਤਖ਼ਤਾਪਲਟ ਅਤੇ ਚੋਟੀ ਦੇ ਨੇਤਾਵਾਂ ਦੀ ਨਜ਼ਰਬੰਦੀ ’ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਨੇ ਹਮੇਸ਼ਾਂ ਉਸ ਦੇਸ਼ ਵਿਚ ਸੱਤਾ ਦੇ ਲੋਕਤੰਤਰੀ ਤਬਾਦਲੇ ਦਾ ਸਮਰਥਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਮਿਆਂਮਾਰ ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਬਿਆਨ ’ਚ ਕਿਹਾ ਗਿਆ, ‘ਅਸੀਂ ਮੰਨਦੇ ਹਾਂ ਕਿ ਕਾਨੂੰਨ ਦੇ ਸ਼ਾਸਨ ਅਤੇ ਲੋਕਤੰਤਰੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਣਾ ਲਾਜ਼ਮੀ ਹੈ ਅਤੇ ਅਸੀਂ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।’

Share