ਮਿਆਂਮਾਰ ‘ਚ ਵਿਰੋਧ ਪ੍ਰਦਰਸ਼ਨ ਰੋਕਣ ਲਈ ਫੇਸਬੁੱਕ ‘ਤੇ ਰੋਕ

327
Share

ਯੰਗੂਨ, 5 ਫਰਵਰੀ (ਪੰਜਾਬ ਮੇਲ)-  ਮਿਆਂਮਾਰ ‘ਚ ਫ਼ੌਜੀ ਤਖ਼ਤਾ ਪਲਟ ਖ਼ਿਲਾਫ਼ ਲੋਕਾਂ ਦਾ ਗੁੱਸਾ ਵੱਧ ਰਿਹਾ ਹੈ। ਯੰਗੂਨ ਸਮੇਤ ਕਈ ਸ਼ਹਿਰਾਂ ਵਿਚ ਬੁੱਧਵਾਰ ਰਾਤ ਵੱਡੀ ਗਿਣਤੀ ਵਿਚ ਲੋਕ ਸੜਕਾਂ ‘ਤੇ ਉਤਰ ਆਏ ਅਤੇ ਆਪਣੀਆਂ ਗੱਡੀਆਂ ਦਾ ਹਾਰਨ ਵਜਾ ਕੇ ਤਖ਼ਤਾ ਪਲਟ ਦਾ ਵਿਰੋਧ ਕੀਤਾ। ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਫੇਸਬੁੱਕ ‘ਤੇ ਸਾਂਝੀਆਂ ਕੀਤੀਆਂ ਗਈਆਂ। ਇਸ ਪਿੱਛੋਂ ਫ਼ੌਜੀ ਪ੍ਰਸ਼ਾਸਨ ਨੇ ਵਿਰੋਧ ਨੂੰ ਦਬਾਉਣ ਲਈ ਫੇਸਬੁੱਕ ਅਤੇ ਹੋਰ ਮੈਸੇਜਿੰਗ ਸਰਵਿਸਿਜ ‘ਤੇ ਰੋਕ ਲਗਾ ਦਿੱਤੀ। ਮਿਆਂਮਾਰ ਵਿਚ ਫੇਸਬੁੱਕ ਕਾਫ਼ੀ ਲੋਕਪਿ੍ਆ ਹੈ। ਸੱਤਾ ਤੋਂ ਲਾਂਭੇ ਕੀਤੀ ਸਰਕਾਰ ਇਸ ਇੰਟਰਨੈੱਟ ਮੀਡੀਆ ਰਾਹੀਂ ਆਮ ਤੌਰ ‘ਤੇ ਸਰਕਾਰ ਦੇ ਫ਼ੈਸਲਿਆਂ ਦਾ ਐਲਾਨ ਕਰਦੀ ਸੀ।

ਇੰਟਰਨੈੱਟ ਯੂਜ਼ਰਸ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਰਾਤ ਤੋਂ ਹੀ ਫੇਸਬੁੱਕ ਦੇ ਇਸਤੇਮਾਲ ਵਿਚ ਪਰੇਸ਼ਾਨੀ ਆਉਣ ਲੱਗੀ ਸੀ। ਮੋਬਾਈਲ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਟੇਲੇਨਾਰ ਮਿਆਂਮਾਰ ਨੇ ਇਕ ਬਿਆਨ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਨੂੰ ਸੰਚਾਰ ਮੰਤਰਾਲੇ ਤੋਂ ਫੇਸਬੁੱਕ ਨੂੰ ਅਸਥਾਈ ਰੂਪ ਵਿਚ ਬੰਦ ਕਰਨ ਦਾ ਨਿਰਦੇਸ਼ ਮਿਲਿਆ ਹੈ। ਇਸ ਦਾ ਪਾਲਣ ਕੀਤਾ ਜਾਵੇਗਾ। ਹਾਲਾਂਕਿ ਉਹ ਇਸ ਕਦਮ ਤੋਂ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਲੈ ਕੇ ਚਿੰਤਤ ਵੀ ਹਨ।
ਮਿਆਂਮਾਰ ਦੀ ਫ਼ੌਜ ਪਿਛਲੇ ਸੋਮਵਾਰ ਨੂੰ ਤਖ਼ਤਾ ਪਲਟ ਕਰ ਕੇ ਸੱਤਾ ‘ਤੇ ਕਾਬਜ਼ ਹੋਈ। ਦੇਸ਼ ਦੀ ਸਰਬਉੱਚ ਨੇਤਾ ਆਂਗ ਸਾਨ ਸੂ ਕੀ ਨੂੰ ਅਤੇ ਰਾਸ਼ਟਰਪਤੀ ਵਿਨ ਮਿਯੰਟ ਸਮੇਤ ਚੋਟੀ ਦੇ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਆਂਗ ਸਾਨ ਸੂ ਕੀ ‘ਤੇ ਨਾਜਾਇਜ਼ ਤੌਰ ‘ਤੇ ਸੰਚਾਰ ਉਪਕਰਨ ਦਰਾਮਦ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਨੂੰ ਜਾਂਚ ਦੇ ਨਾਂ ‘ਤੇ 15 ਫਰਵਰੀ ਤਕ ਹਿਰਾਸਤ ਵਿਚ ਰੱਖਣ ਦੀ ਗੱਲ ਕਹੀ ਗਈ ਹੈ ਜਦਕਿ ਸੱਤਾ ‘ਤੇ ਪਕੜ ਮਜ਼ਬੂਤ ਕਰਨ ਲਈ ਦੇਸ਼ ਵਿਚ ਇਕ ਸਾਲ ਲਈ ਐਮਰਜੈਂਸੀ ਵੀ ਲਗਾ ਦਿੱਤੀ ਗਈ ਹੈ। ਸੱਤਾ ਤੋਂ ਲਾਂਭੇ ਕੀਤੀ ਗਈ ਆਂਗ ਸਾਨ ਸੂ ਕੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (ਐੱਨਐੱਲਡੀ) ਨੇ ਤਖ਼ਤਾ ਪਲਟ ਖ਼ਿਲਾਫ਼ ਮੁਹਿੰਮ ਚਲਾਉਣ ਦੀ ਅਪੀਲ ਕੀਤੀ ਹੈ। ਇਸ ਅਪੀਲ ‘ਤੇ ਮਿਆਂਮਾਰ ਦੇ ਯੰਗੂਨ ਸਮੇਤ ਕਈ ਸ਼ਹਿਰਾਂ ਵਿਚ ਬੁੱਧਵਾਰ ਰਾਤ ਵੀ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਧਰ, ਦੇਸ਼ ਭਰ ਵਿਚ ਸਿਹਤ ਕਰਮਚਾਰੀਆਂ ਨੇ ਵੀ ਤਖ਼ਤਾ ਪਲਟ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਸਰਕਾਰੀ ਹਸਪਤਾਲਾਂ ਦੇ ਸਿਹਤ ਕਰਮਚਾਰੀਆਂ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਤਖ਼ਤਾ ਪਲਟ ਦਾ ਵਿਰੋਧ ਕਰਦੇ ਹਨ।

Share