ਮਿਆਂਮਾਰ ’ਚ ਪੁਲਿਸ ਦੀ ਗੋਲੀਬਾਰੀ ’ਚ ਦੋ ਜਣਿਆਂ ਦੀ ਮੌਤ ਤੋਂ ਬਾਅਦ ਮੁੜ ਸੜਕਾਂ ’ਤੇ ਉੱਤਰੇ ਪ੍ਰਦਰਸ਼ਨਕਾਰੀ

488
ਯੈਂਗੌਨ ’ਚ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕ।
Share

ਯੈਂਗੌਨ, 22 ਫਰਵਰੀ (ਪੰਜਾਬ ਮੇਲ)- ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ’ਚ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਗਈ ਗੋਲੀਬਾਰੀ ’ਚ ਦੋ ਜਣਿਆਂ ਦੀ ਮੌਤ ਹੋਣ ਤੋਂ ਇੱਕ ਦਿਨ ਬਾਅਦ ਮਿਆਂਮਾਰ ਦੇ ਕਈ ਸ਼ਹਿਰਾਂ ’ਚ ਮੁੜ ਤੋਂ ਪ੍ਰਦਰਸ਼ਨਕਾਰੀ ਇਕੱਠੇ ਹੋ ਗਏ। ਪੁਲਿਸ ਦੀ ਗੋਲੀ ਨਾਲ ਮਾਰੇ ਗਏ ਇਕ ਨੌਜਵਾਨ ਦਾ ਅੰਤਿਮ ਸੰਸਕਾਰ ਵੀ ਇਸੇ ਦੌਰਾਨ ਕੀਤਾ ਗਿਆ। ਆਂਗ ਸਾਂ ਸੂ ਕੀ ਦੀ ਸਰਕਾਰ ਦੇ ਪਹਿਲੀ ਫਰਵਰੀ ਨੂੰ ਹੋਏ ਰਾਜ ਪਲਟੇ ਤੋਂ ਬਾਅਦ ਦੇਸ਼ ਦੀਆਂ ਸੜਕਾਂ ’ਤੇ ਹੋ ਰਹੇ ਰੋਸ ਮੁਜ਼ਾਹਰਿਆਂ ’ਚ ਹਜ਼ਾਰਾਂ ਲੋਕ ਹਿੱਸਾ ਲੈ ਰਹੇ ਹਨ ਅਤੇ ਇਨ੍ਹਾਂ ਪ੍ਰਦਰਸ਼ਨਾਂ ’ਚ ਪਹਿਲੀ ਮੌਤ ਮਯਾ ਥਵੇਟ ਥਵੇਟ ਖਿਨੇ ਨਾਂ ਦੀ ਲੜਕੀ ਦੀ ਹੋਈ ਸੀ। ਇਸ ਲੜਕੀ ਨੂੰ ਉਸ ਦੇ 20ਵੇਂ ਜਨਮ ਦਿਨ ਤੋਂ ਦੋ ਦਿਨ ਪਹਿਲਾਂ ਨੌਂ ਫਰਵਰੀ ਨੂੰ ਗੋਲੀ ਵੱਜੀ ਸੀ। ਉਸ ਦੀ ਮੌਤ ਸ਼ੁੱਕਰਵਾਰ ਨੂੰ ਹੋਈ ਸੀ। ਜਿਸ ਹਸਪਤਾਲ ’ਚ ਉਸ ਦੀ ਦੇਹ ਰੱਖੀ ਗਈ ਸੀ, ਉਸ ਦੇ ਬਾਹਰ ਕਰੀਬ ਇੱਕ ਹਜ਼ਾਰ ਲੋਕ ਗੱਡੀਆਂ ਤੇ ਮੋਟਰਸਾਈਕਲਾਂ ’ਤੇ ਇਕੱਠੇ ਹੋ ਗਏ। ਹਾਲਾਂਕਿ ਹਸਪਤਾਲ ’ਚ ਲੜਕੀ ਦੇ ਬਜ਼ੁਰਗ ਰਿਸ਼ਤੇਦਾਰਾਂ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਗਿਆ। ਜਦੋਂ ਉਸ ਦੀ ਲਾਸ਼ ਸੌਂਪੀ ਗਈ ਤਾਂ ਹਸਪਤਾਲ ਤੋਂ ਕਬਰਿਸਤਾਨ ਤੱਕ ਗੱਡੀਆਂ ਦਾ ਲੰਮਾ ਕਾਫਲਾ ਦੇਹ ਦੇ ਨਾਲ ਸੀ। ਤਕਰੀਬਨ ਇਕ ਹਜ਼ਾਰ ਲੋਕਾਂ ਨੇ ਸੜਕ ਕਿਨਾਰੇ ਖੜ੍ਹੇ ਹੋ ਕੇ ਮਿ੍ਰਤਕਾ ਨੂੰ ਸ਼ਰਧਾਂਜਲੀ ਭੇਟ ਕੀਤਾ। ਇਸੇ ਤਰ੍ਹਾਂ ਮਾਂਡਲੇ ’ਚ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਸ਼ਨਿਚਰਵਾਰ ਨੂੰ ਪੁਲਿਸ ਦੀ ਗੋਲੀ ਨਾਲ ਦੋ ਮੁਜ਼ਾਹਰਾਕਾਰੀ ਮਾਰੇ ਗਏ ਸਨ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਰਬੜ ਦੀਆਂ ਗੋਲੀਆਂ, ਜਲ ਤੋਪਾਂ ਤੇ ਗੁਲੇਲ ਦੀ ਵਰਤੋਂ ਤੋਂ ਇਲਾਵਾ ਗੋਲੀਆਂ ਵੀ ਚਲਾਈਆਂ ਹਨ।
ਬਰਤਾਨੀਆ ਦੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਟਵਿੱਟਰ ’ਤੇ ਕਿਹਾ, ‘ਸ਼ਾਂਤੀਪੂਰਨ ਢੰਗ ਨਾਲ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ’ਤੇ ਗੋਲੀ ਚਲਾਉਣਾ ਨਿੰਦਣਯੋਗ ਹੈ। ਅਸੀਂ ਲੋਕਤੰਤਰ ਨੂੰ ਢਾਹ ਲਾਉਣ ਅਤੇ ਵਿਰੋਧੀਆਂ ਦੀਆਂ ਆਵਾਜ਼ਾਂ ਨੂੰ ਦਬਾਉਣ ਖ਼ਿਲਾਫ਼ ਆਪਣੇ ਕੌਮਾਂਤਰੀ ਭਾਈਵਾਲਾਂ ਨਾਲ ਅੱਗੇ ਦੀ ਕਾਰਵਾਈ ’ਤੇ ਵਿਚਾਰ ਕਰਾਂਗੇ।’ ਸਿੰਗਾਪੁਰ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਤਾਕਤ ਦੀ ਵਰਤੋਂ ਦੀ ਨਿੰਦਾ ਕੀਤੀ ਹੈ।

Share