ਮਿਆਂਮਾਰ ਅਦਾਲਤ ਵੱਲੋਂ ਅਮਰੀਕੀ ਪੱਤਰਕਾਰ ਨੂੰ 11 ਸਾਲ ਜੇਲ੍ਹ ਦੀ ਸਜ਼ਾ

464
Share

ਬੈਂਕਾਕ, 15 ਨਵੰਬਰ (ਪੰਜਾਬ ਮੇਲ)- ਮਿਆਂਮਾਰ ਦੀ ਇਕ ਅਦਾਲਤ ਨੇ ਹਿਰਾਸਤ ’ਚ ਲਏ ਇਕ ਅਮਰੀਕੀ ਪੱਤਰਕਾਰ ਡੈਨੀ ਫੇਂਸਟਰ ਨੂੰ 11 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਫੇਂਸਟਰ ਨੂੰ ਗਲਤ ਤੇ ਭੜਕਾਊ ਜਾਣਕਾਰੀ ਫੈਲਾਉਣ ਸਮੇਤ ਕਈ ਦੋਸ਼ਾਂ ’ਚ ਮੁਲਜ਼ਮ ਪਾਇਆ ਗਿਆ। ਮਿਆਂਮਾਰ ’ਚ ਤਖ਼ਤਾ ਪਲਟ ਤੋਂ ਬਾਅਦ ਤੋਂ ਫ਼ੌਜੀ ਸ਼ਾਸਨ ਹੈ। ਵਕੀਲ ਥਾਨ ਜਾਊ ਆਂਗ ਨੇ ਦੱਸਿਆ ਕਿ ਆਨਲਾਈਨ ਮੈਗਜ਼ੀਨ ‘ਫਰੰਟੀਅਰ ਮਿਆਂਮਾਰ’ ਦੇ ਪ੍ਰਬੰਧ ਨਿਰਦੇਸ਼ਕ ਫੇਂਸਟਰ ਨੂੰ ਨਾਜਾਇਜ਼ ਸੰਗਠਨਾਂ ਨਾਲ ਸੰਪਰਕ ਰੱਖਣ ਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦਾ ਵੀ ਦੋਸ਼ੀ ਪਾਇਆ ਗਿਆ। ਹਰ ਦੋਸ਼ ਲਈ ਉਸ ਨੂੰ ਵੱਧ ਤੋਂ ਵੱਧ ਸਜ਼ਾ ਸੁਣਾਈ ਗਈ ਹੈ। ਪੱਤਰਕਾਰ ਨੂੰ ਮਈ ਤੋਂ ਹਿਰਾਸਤ ’ਚ ਰੱਖਿਆ ਗਿਆ ਸੀ ਤੇ ਉਸ ਖ਼ਿਲਾਫ਼ ਅੱਤਵਾਦ ਰੋਕੂ ਕਾਨੂੰਨ ਦੀ ਉਲੰਘਣਾ ਕਰਨ ਦੇ ਦੋ ਹੋਰ ਮਾਮਲੇ ਵੀ ਚੱਲ ਰਹੇ ਹਨ। ਇਹ ਮਾਮਲੇ ਦੂਸਰੀ ਅਦਾਲਤ ’ਚ ਵਿਚਾਰ-ਅਧੀਨ ਹਨ। ਮੁੱਖ ਸੰਪਾਦਕ ਥਾਮਸ ਕੇਆਨ ਨੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਿਹਾ ਕਿ ਹਰ ਕੋਈ ਲਾਚਾਰ ਤੇ ਦੁਖੀ ਹੈ।

Share