ਮਾਸਕ ਵੇਚ ਨੋਟ ਛਾਪ ਰਿਹੈ ਚੀਨ

809

ਬੀਜਿੰਗ, 28 ਮਾਰਚ (ਪੰਜਾਬ ਮੇਲ)- ਦੁਨੀਆਭਰ ਨੂੰ ਕੋਰੋਨਾਵਾਇਰਸ ਵਰਗੀ ਮਹਾਮਾਰੀ ਦੀ ਮੁਸੀਬਤ ‘ਚ ਪਾਉਣ ਵਾਲਾ ਚੀਨ ਹੁਣ ਉਸ ਦੇ ਰਾਹੀਂ ਹੀ ਨੋਟ ਛਾਪ ਰਿਹਾ ਹੈ। ਕੋਰੋਨਾਵਾਇਰਸ ਤੋਂ ਬਚਣ ਲਈ ਚੀਨ ਦੁਨੀਆ ਦੇ ਕਈ ਦੇਸ਼ਾਂ ਨੂੰ ਮਾਸਕ ਦਾ ਨਿਰਯਾਤ ਕਰ ਰਿਹਾ ਹੈ ਅਤੇ ਉਸ ਦੇ ਲਈ ਇਹ ਧੰਧਾ ਬਹੁਤ ਫਾਇਦੇਮੰਦ ਸਾਬਤ ਹੋ ਰਿਹਾ ਹੈ।

ਮੱਧ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ‘ਚ ਜਨਵਰੀ ਦੇ ਆਖਿਰ ‘ਚ ਕੋਰੋਨਾਵਾਇਰਸ ਦਾ ਕਹਿਰ ਸ਼ੁਰੂ ਹੋਇਆ। ਫਰਵਰੀ ਤਕ ਵੁਹਾਨ ਨਾਲ ਹੀ ਹੁਬੇਈ ਸੂਬੇ ਦੇ ਹੋਰ ਹਿੱਸਿਆਂ ਨੂੰ ਵੀ ਵਾਇਰਸ ਨੇ ਆਪਣੀ ਚਪੇਟ ‘ਚ ਲੈ ਲਿਆ ਸੀ। ਅਜਿਹੇ ‘ਚ ਗੁਆਨ ਸ਼ੂੰਜੇ ਨਾਮਕ ਕੰਪਨੀ ਨੇ ਸਿਰਫ 11 ਦਿਨ ‘ਚ ਹੀ ਮਾਸਕ ਬਣਾਉਣ ਵਾਲੀ ਇਕ ਨਵੀਂ ਫੈਕਟਰੀ ਖੜੀ ਕਰ ਦਿੱਤੀ। ਉੱਤਰ ਪੂਰਬੀ ਚੀਨ ‘ਚ ਪੰਜ ਇਕਾਈਆਂ ਸਥਾਪਿਤ ਕਰਨ ਵਾਲੀ ਇਹ ਕੰਪਨੀ ਹੁਣ ਵਪਾਰਕ ਪੱਧਰ ‘ਤੇ ਐੱਨ95 ਮਾਸਕ ਬਣਾ ਰਹੀ ਹੈ ਜਿਸ ਦੀ ਦੁਨੀਆਭਰ ‘ਚ ਭਾਰੀ ਮੰਗ ਹੈ।

ਚੀਨ ‘ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਦੇ ਮਾਮਲੇ ਘੱਟ ਹੋਏ ਤਾਂ ਫੈਕਟਰੀ ਦੇ ਮਾਲਕ ਨੇ ਇਟਲੀ ਨੂੰ ਮਾਸਕ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ, ਜੋ ਚੀਨ ਤੋਂ ਵੀ ਜ਼ਿਆਦਾ ਬੁਰੀ ਤਰ੍ਹਾਂ ਨਾਲ ਇਸ ਵਾਇਰਸ ਨਾਲ ਪ੍ਰਭਾਵਿਤ ਹੋਇਆ ਹੈ। ਦੁਨੀਆਭਰ ‘ਚ 5 ਲੱਖ ਤੋਂ ਜ਼ਿਆਦਾ ਲੋਕ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹਨ। ਮਾਸਕ ਸਮੇਤ ਹੋਰ ਸੁਰੱਖਿਆ ਉਪਕਰਣਾਂ ਦੀ ਮੰਗ ਵਧ ਗਈ ਹੈ।