ਮਾਰੀਓ ਦਰਾਗੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

153
Share

ਮਿਲਾਨ, 14 ਫਰਵਰੀ (ਪੰਜਾਬ ਮੇਲ)- ਪਿਛਲੇ ਇਕ ਸਾਲ ਤੋਂ ਕੋਰੋਨਾਵਾਇਰਸ ਨਾਲ ਲੜਾਈ ਲੜ ਰਹੇ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੂੰ ਉਨ੍ਹਾਂ ਦੀਆਂ ਗੱਠਜੋੜ ਪਾਰਟੀਆਂ ਵੱਲੋਂ ਸਮਰਥਨ ਵਾਪਸ ਲਏ ਜਾਣ ਪਿੱਛੋਂ ਅਸਤੀਫ਼ਾ ਦੇਣਾ ਪਿਆ ਸੀ। ਇਸ ਮੌਕੇ ਰਾਸ਼ਟਰਪਤੀ ਨੇ ਨਵੇਂ ਪ੍ਰਧਾਨ ਮੰਤਰੀ ਲਈ ਮਾਰੀਓ ਦਰਾਗੀ ਦਾ ਨਾਂ ਅੱਗੇ ਕੀਤਾ ਸੀ ਅਤੇ ਸਰਕਾਰ ਬਣਾਉਣ ਲਈ ਮਾਰੀਓ ਦਰਾਗੀ ਨੇ ਆਪਣੇ ਸਮਰਥਕਾਂ ਨਾਲ ਚਰਚਾ ਕੀਤੀ।
ਮਾਰੀਓ ਦਰਾਗੀ ਇਟਲੀ ਦੀਆਂ ਉਨ੍ਹਾਂ ਪਾਰਟੀਆਂ ਦਾ ਸਮਰਥਨ ਜੁਟਾਉਣ ’ਚ ਵੀ ਕਾਮਯਾਬ ਰਹੇ, ਜਿਨ੍ਹਾਂ ਦਾ ਪਿਛਲੀ ਜੁਸੇਪੇ ਕੌਂਤੇ ਸਰਕਾਰ ਨੂੰ ਡੇਗਣ ’ਚ ਪੂਰਾ ਯੋਗਦਾਨ ਰਿਹਾ। ਕਾਫ਼ੀ ਦਿਨਾਂ ਦੇ ਇੰਤਜ਼ਾਰ ਪਿੱਛੋਂ ਇਟਲੀ ਵਾਸੀਆਂ ਲਈ ਖ਼ੁਸ਼ੀ ਦੀ ਖ਼ਬਰ ਇਹ ਰਹੀ ਕਿ 73 ਸਾਲ ਮਾਰੀਓ ਦਰਾਗੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਨਵੀਂ ਸਰਕਾਰ ਦੇ ਮੰਤਰੀ ਮੰਡਲ ਵਿਚ 23 ਮੰਤਰੀ ਹੋਣਗੇ। ਮੰਤਰੀ ਮੰਡਲ ਵਿਚ ਤੀਜਾ ਹਿੱਸਾ ਔਰਤਾਂ ਨੂੰ ਸ਼ਾਮਲ ਕੀਤਾ ਗਿਆ। ਭਾਵ 8 ਔਰਤਾਂ ਅਤੇ 15 ਮਰਦ ਸ਼ਾਮਲ ਹਨ। ਮਾਰੀਓ ਦਰਾਗੀ ਯੂਰਪੀ ਸੈਂਟਰਲ ਬੈਂਕ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਬੈਂਕ ਆਫ ਇਟਲੀ ਦੇ ਗਵਰਨਰ ਵੀ ਰਹਿ ਚੁੱਕੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਪੜ੍ਹਾਈ ਵਿਚ ਰੋਮ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ’ਚ ਪੀ.ਐੱਚ.ਡੀ. ਡਿਗਰੀ ਹਾਸਲ ਕੀਤੀ ਹੋਈ ਹੈ। ਦਰਾਗੀ ਉਹ ਸ਼ਖਸ ਹਨ, ਜਿਨ੍ਹਾਂ ਨੇ ਯੂਰਪ ਦੀ ਕਰੰਸੀ ਯੂਰੋ ਨੂੰ ਬਚਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਸੀ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਟਲੀ ਦੇ ਅਰਥਚਾਰੇ ਨੂੰ ਵੀ ਪਾਰ ਲਗਾਉਣਗੇ ਕਿਉਂਕਿ ਦਰਾਗੀ ਦੀ ਸਿਆਣਪ ਦਾ ਲੋਹਾ ਇਟਲੀ ਦੇ ਸਿਆਸੀ ਮਹਾਰਥੀ ਮੰਨਦੇ ਹਨ ਤੇ ਇਹ ਦਰਾਗੀ ਦੀ ਕਾਬਲੀਅਤ ਦਾ ਪ੍ਰਤੱਖ ਸਬੂਤ ਹੀ ਹੈ ਕਿ ਕੌਂਤੇ ਦੀ ਬੇੜੀ ਡੋਬਣ ਵਾਲੇ ਦਰਾਗੀ ਦੀ ਬੇੜੀ ਨੂੰ ਆਪ ਬੰਨੇ ਲਾ ਰਹੇ ਹਨ।

Share