ਮਾਪਿਆਂ ਤੇ ਅਧਿਆਪਕਾਂ ਦੇ ਕਹਿਣੇਕਾਰ ਬੱਚੇ ਸਫ਼ਲ ਹੁੰਦੇ ਨੇ : ਬਲਜਿੰਦਰ ਮਾਨ

394
Share

ਮਾਹਿਲਪੁਰ, 12 ਸਤੰਬਰ (ਪੰਜਾਬ ਮੇਲ)- ਇੱਥੋਂ ਥੋੜ੍ਹੀ ਦੂਰ ਸੈਂਤੀ ਅਧਿਆਪਕਾਂ ਵਾਲੇ  ਇਤਿਹਾਸਕ ਪਿੰਡ ਹੱਲੂਵਾਲ ਦੇ ਸਰਕਾਰੀ ਹਾਈ ਸਕੂਲ ਵਿਚ ਪੰਜਾਬੀ ਬਾਲ ਰਸਾਲੇ  ਦੇ ਸੰਪਾਦਕ ਅਤੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਵਿਦਿਆਰਥੀਆਂ ਦੇ ਰੂਬਰੂ ਹੋਏ।ਉਨ੍ਹਾਂ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਕਿਹਾ ਕਿ ਚੰਗੀ ਸੰਗਤ ਵਿੱਚੋਂ ਹੀ ਚੰਗੀ ਸੋਹਬਤ ਮਿਲਦੀ ਹੈ। ਨਰੋਆ ਸਾਹਿਤ ਮਨੁੱਖ ਦੀ ਸ਼ਖ਼ਸੀਅਤ ਦਾ ਨਿਰਮਾਣ ਕਰਦਾ ਹੈ । ਇਸ ਲਈ ਸਾਨੂੰ ਹਮੇਸ਼ਾਂ ਰੌਚਿਕ ਅਤੇ ਨਰੋਆ ਸਾਹਿਤ ਪੜ੍ਹਦੇ ਰਹਿਣਾ ਚਾਹੀਦਾ ਹੈ ।ਅਧਿਆਪਕ ਅਤੇ ਮਾਪਿਆਂ ਦੇ ਕਹਿਣੇ ਵਿੱਚ ਰਹਿ ਕੇ ਅਸੀਂ ਉੱਚੀਆਂ ਤੇ ਸੁੱਚੀਆਂ ਮੰਜ਼ਲਾਂ ਪ੍ਰਾਪਤ ਕਰ ਸਕਦੇ ਹਾਂ। ਜੀਵਨ ਵਿਚ ਸਰਬੱਤ ਦਾ ਭਲਾ ਕਰਨ ਵਿੱਚ ਹੀ ਆਪਣੀ ਭਲਾਈ ਹੈ। ਦੁਨੀਆਂ ਵਿੱਚ ਫੈਲੀਆਂ ਕੁਰੀਤੀਆਂ ਖ਼ਿਲਾਫ਼ ਬੋਲਣ ਦੀ ਬਜਾਏ ਆਪਣੀਆਂ ਕੁਰੀਤੀਆਂ ਨੂੰ ਖ਼ਤਮ ਕੀਤਾ ਜਾਵੇ ਤਾਂ ਅਸੀਂ ਬਿਹਤਰੀ ਵੱਲ ਵਧ ਸਕਦੇ ਹਾਂ। ਸਕੂਲ ਮੁਖੀ ਮੈਡਮ ਕੁਲਦੀਪ ਕੌਰ ਨੇ ਮੁੱਖ ਮਹਿਮਾਨ ਬਲਜਿੰਦਰ ਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜੀਵਨ ਸੰਘਰਸ਼ ਵਿੱਚ ਸ਼ਾਨਦਾਰ ਪ੍ਰਾਪਤੀਆਂ ਨਾਲ ਸਫਲਤਾ ਦੀਆਂ ਪੌੜੀਆਂ  ਚੜ੍ਹੀਆਂ  ਹਨ ।ਸਾਹਿਤ ਜਗਤ ਵਿੱਚ ਉਨ੍ਹਾਂ ਸੰਦਲੀ ਪੈੜਾਂ ਪਾ ਕੇ ਨਾਮਣਾ ਕਮਾਇਆ ਹੈ ।ਜਿਸ ਕਰਕੇ ਸਾਡੇ ਇਲਾਕੇ ਅਤੇ ਸਿੱਖਿਆ ਜਗਤ  ਨੂੰ ਉਨ੍ਹਾਂ ਤੇ ਬਹੁਤ ਫਖ਼ਰ ਹੈ। ਉਨ੍ਹਾਂ ਆਪਣੀਆਂ ਲਿਖਤਾਂ ਵਿੱਚ ਇਨਸਾਨੀਅਤ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਹੈ ਜਿਸ ਕਰਕੇ ਵਿਦਿਆਰਥੀਆਂ ਅਤੇ ਵੱਡਿਆਂ ਵਲੋਂ ਉਨ੍ਹਾਂ ਦੀ ਬੜਾ ਆਦਰ ਮਾਣ ਕੀਤਾ ਜਾਂਦਾ ਹੈ।
ਇਸ ਮੌਕੇ ਵਿਦਿਆਰਥੀਆਂ ਨੇ ਉਨ੍ਹਾਂ ਕੋਲੋਂ ਜੀਵਨ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਲਈ ਕਈ ਸਵਾਲ ਪੁੱਛੇ। ਉਨ੍ਹਾਂ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸਾਨੂੰ ਮੁਸੀਬਤ ਵੇਲੇ  ਢੇਰੀ ਨਹੀਂ ਢਾਹੁਣੀ ਚਾਹੀਦੀ ।ਹਿੰਮਤ ਹੌਸਲੇ ਅਤੇ ਲਗਨ ਨਾਲ ਕਾਰਜ ਕਰਦੇ ਰਹਿਣਾ  ਚਾਹੀਦਾ ਹੈ ।ਮਿਹਨਤ ਤੇ ਸਿਰੜ ਨਾਲ ਹਰ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਸਕੂਲ ਦੇ  ਸਟਾਫ ਮੈਂਬਰ ਧਰਮ ਮੇਧਾ, ਹਰਮਿੰਦਰ ਸਿੰਘ, ਗੁਰਵਿੰਦਰਪਾਲ  ਸਿੰਘ, ਮਨਪ੍ਰੀਤ ਕੌਰ, ਰੇਖਾ ਰਾਣੀ, ਨਰਿੰਦਰ ਬਡਵਾਲ ਸਮੇਤ ਸਕੂਲ ਮੈਨੇਜਿੰਗ ਕਮੇਟੀ ਅਤੇ ਵਿਦਿਆਰਥੀਆਂ ਨੇ ਬਡ਼ੇ ਉਤਸ਼ਾਹ ਨਾਲ ਵਿਚਾਰ ਸਾਂਝੇ  ਕੀਤੇ ।


Share